Gurdwara Manji Sahib Controversy : ਗੁਰਦੁਆਰਾ ਮੰਜੀ ਸਾਹਿਬ ਦੀ ਜ਼ਮੀਨ ਦਾ ਵਿਵਾਦ ਮੁੜ ਭਖਿਆ, SHO ਦੀ ਤਨਖਾਹ ਕੀਤੀ ਗਈ ਅਟੈਚ
Gurdwara Manji Sahib Controversy : ਐਸਜੀਪੀਸੀ ਦੇ ਵਕੀਲ ਹਰਬਾਗ ਸਿੰਘ ਗਿੱਲ ਨੇ ਵੀ ਕਿਹਾ ਕਿ ਅਦਾਲਤੀ ਹੁਕਮ ਸਪਸ਼ਟ ਹਨ ਅਤੇ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਓਹਨਾਂ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਉਲੰਘਨਾ ਹੋ ਰਹੀ ਹੈ, ਜਿਸ ਕਾਰਨ ਇੱਕ SHO ਦੀ ਤਨਖਾਹ ਵੀ ਅਦਾਲਤ ਨੇ ਅਟੈਚ ਕੀਤੀ ਹੈ।
Gurdwara Manji Sahib Controversy : ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਦੀ ਪਿੰਡ ਬਿਲਾਸਪੁਰ ਵਿਖੇ ਸਥਿਤ 171 ਕਨਾਲ ਜ਼ਮੀਨ (ਕਰੀਬ ਸਾਢੇ 21 ਏਕੜ), ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮਲਕੀਅਤ ਹੈ, ਦਾ ਕਬਜ਼ਾ ਅਜੇ ਤੱਕ ਨਾ ਮਿਲਣਾ ਅਦਾਲਤੀ ਹੁਕਮਾਂ ਦੀ ਖੁੱਲ੍ਹੀ ਉਲੰਘਣਾ ਹੈ। ਇਹ ਇਲਜ਼ਾਮ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਮੈਨੇਜਰ ਇਕਬਾਲ ਸਿੰਘ ਝਬਾਲ ਅਤੇ ਸ਼੍ਰੋਮਣੀ ਕਮੇਟੀ ਦੇ ਵਕੀਲ ਹਰਬਾਗ ਸਿੰਘ ਗਿੱਲ ਨੇ ਲਗਾਏ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਐਸਜੀਪੀਸੀ ਨੂੰ ਜ਼ਮੀਨ ਦਾ ਕਬਜ਼ਾ ਨਹੀਂ ਦਿਵਾ ਰਿਹਾ। ਉਨ੍ਹਾਂ ਕਿਹਾ ਕਿ ਸਾਲ 2010, 2017 ਅਤੇ 2023 ਵਿੱਚ ਵੱਖ-ਵੱਖ ਅਦਾਲਤਾਂ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਇਹ ਲੋਹ ਲੰਗਰ ਦੀ ਜ਼ਮੀਨ ਹੈ ਅਤੇ ਸੁਪਰੀਮ ਕੋਰਟ ਨੇ ਵੀ ਇਸ ਦੀ ਮਲਕੀਅਤ ਐਸਜੀਪੀਸੀ ਦੇ ਹੱਕ ਵਿੱਚ ਤਹਿ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਅਦਾਲਤ ਵੱਲੋਂ ਕਈ ਵਾਰ ਪਾਇਲ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਗਏ ਕਿ ਜ਼ਮੀਨ ਦਾ ਕਬਜ਼ਾ ਐਸਜੀਪੀਸੀ ਨੂੰ ਦਿਵਾਇਆ ਜਾਵੇ, ਪਰ ਇਹ ਛੇਵੀਂ ਵਾਰ ਹੈ ਜਦੋਂ ਵੱਖ-ਵੱਖ ਕਾਰਨਾਂ ਦਾ ਹਵਾਲਾ ਦੇ ਕੇ ਕਬਜ਼ਾ ਨਹੀਂ ਦਿਵਾਇਆ ਗਿਆ ਅਤੇ ਮਾਮਲੇ ਨੂੰ ਟਾਲਿਆ ਜਾ ਰਿਹਾ ਹੈ।
ਇਕਬਾਲ ਸਿੰਘ ਝਬਾਲ ਨੇ ਕਿਹਾ ਕਿ ਹਰ ਵਾਰ ਕਬਜ਼ਾ ਲੈਣ ਲਈ ਐਸਜੀਪੀਸੀ ਦੇ ਕਰੀਬ 200 ਕਰਮਚਾਰੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪਾਇਲ ਆਉਂਦੇ ਹਨ, ਪਰ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਨ੍ਹਾਂ ਨੂੰ ਬਿਨਾਂ ਕਬਜ਼ਾ ਲਏ ਵਾਪਸ ਜਾਣਾ ਪੈਂਦਾ ਹੈ, ਜਿਸ ਨਾਲ ਗੁਰੂ ਘਰਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਲੋਕਾਂ ਵੱਲੋਂ ਹਾਈਕੋਰਟ ਵਿੱਚ ਸਟੇ ਲੈਣ ਲਈ ਅਰਜ਼ੀਆਂ ਵੀ ਦਾਇਰ ਕੀਤੀਆਂ ਗਈਆਂ ਹਨ, ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਉਨ੍ਹਾਂ ਦੋਸ਼ ਲਗਾਇਆ ਕਿ ਤਹਿਸੀਲਦਾਰ ਅਤੇ ਪੁਲਿਸ ਅਧਿਕਾਰੀ ਐਸਜੀਪੀਸੀ ਨੂੰ ਕੋਈ ਸਪਸ਼ਟ ਰਾਹ ਨਹੀਂ ਦਿਖਾ ਰਹੇ।
ਇਸ ਮੌਕੇ ਐਸਜੀਪੀਸੀ ਦੇ ਵਕੀਲ ਹਰਬਾਗ ਸਿੰਘ ਗਿੱਲ ਨੇ ਵੀ ਕਿਹਾ ਕਿ ਅਦਾਲਤੀ ਹੁਕਮ ਸਪਸ਼ਟ ਹਨ ਅਤੇ ਪ੍ਰਸ਼ਾਸਨ ਨੂੰ ਬਿਨਾਂ ਕਿਸੇ ਦੇਰੀ ਦੇ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅਦਾਲਤੀ ਹੁਕਮਾਂ ਦੀ ਉਲੰਘਨਾ ਹੋ ਰਹੀ ਹੈ, ਜਿਸ ਕਾਰਨ ਇੱਕ SHO ਦੀ ਤਨਖਾਹ ਵੀ ਅਦਾਲਤ ਨੇ ਅਟੈਚ ਕੀਤੀ ਹੈ। ਫਿਰ ਵੀ ਕੋਈ ਸੁਣਵਾਈ ਨਹੀਂ ਹੋ ਰਹੀ।