Bathinda News : ਪਿੰਡ ਚੱਕ ਫਤਿਹ ਸਿੰਘ ਵਾਲਾ 'ਚ 7 ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੀ ਹਾਲਤ 'ਚ ਮੌਤ, ਬਜ਼ੁਰਗ ਮਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
Bathinda News : ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਪਿਛਲੇ ਦਿਨੀ ਤਿੰਨ ਘਰਾਂ ਦੇ 7 ਭੈਣਾਂ ਦਾ ਇਕਲੌਤੇ ਵੀਰ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪਰਿਵਾਰ ਵੱਲੋਂ ਪੁੱਤ ਦੀ ਮੌਤ ਦੇ ਇਨਸਾਫ ਲਈ ਪੁਲਿਸ ਕੋਲ ਗੁਹਾਰ ਲਗਾਈ ਹੈ। ਪਰਿਵਾਰ ਵੱਲੋਂ ਕਥਿਤ ਤੌਰ 'ਤੇ ਕਿਸੇ ਨਸ਼ੇੜੀ ਵੱਲੋਂ ਉਹਨਾਂ ਦੇ ਪੁੱਤਰ ਨੂੰ ਮਾਰਨ ਦੇ ਇਲਜ਼ਾਮ ਲਗਾਏ ਜਾ ਰਹੇ ਹਨ।
ਮਾਤਾ-ਪਿਤਾ ਤੇ 3 ਘਰਾਂ 'ਚ ਇਕਲੌਤਾ ਮੁੰਡਾ ਸੀ ਹਰਜੋਤ ਸਿੰਘ
ਪਰਿਵਾਰਕ ਮੈਂਬਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਨੌਜਵਾਨ ਹਰਜੋਤ ਸਿੰਘ, ਜੋ ਕਿ ਤਿੰਨ ਘਰਾਂ ਵਿੱਚ ਸੱਤ ਭੈਣਾਂ ਦਾ ਇਕੱਲਾ ਵੀਰ ਅਤੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਭਾਵੇਂ ਕੇ ਪੜ੍ਹਾਈ ਤੋਂ ਬਾਅਦ ਕੁਝ ਨਸ਼ੇ ਕਰਨ ਕਾਰਨ ਪਰਿਵਾਰਿਕ ਮੈਂਬਰਾਂ ਨੇ ਇਸ ਨੂੰ ਬਠਿੰਡਾ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਭਰਤੀ ਕਰਵਾ ਦਿੱਤਾ, ਜਿਸ ਦੌਰਾਨ ਇਲਾਜ ਕੁਝ ਨਸ਼ੇੜੀ ਇਸਦੇ ਦੋਸਤ ਬਣ ਗਏ।
ਕੁੱਝ ਸਮਾਂ ਪਹਿਲਾਂ ਹੀ ਨਸ਼ਾ ਛੁਡਾਉ ਕੇਂਦਰ 'ਚੋਂ ਆਇਆ ਸੀ ਵਾਪਸ
ਪਰਿਵਾਰ ਨੇ ਕਿਹਾ ਕਿ ਜਦੋਂ ਹਰਜੋਤ ਸਿੰਘ ਨਸ਼ਾ ਛੜਾਊ ਕੇਂਦਰ ਤੋਂ ਵਾਪਸ ਆਇਆ ਤਾਂ ਉਹ ਨਸ਼ੇੜੀ ਇਸ ਨੂੰ ਘਰੋਂ ਲੈ ਗਿਆ। ਉਸ ਤੋਂ ਬਾਅਦ ਇਸ ਦੀ ਲਾਸ਼ ਬਠਿੰਡਾ ਤੋਂ ਮਿਲੀ। ਪੁਲਿਸ ਨੇ ਇਸ ਨੂੰ ਨਾਲ ਲਿਜਾਣ ਵਾਲੇ ਇਕ ਦੋਸਤ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ, ਪਰ ਪਰਿਵਾਰਿਕ ਮੈਂਬਰ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆ ਰਹੇ।
ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ, ਜਿਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਪੁੱਤਰ ਦੇ ਸਰੀਰ 'ਤੇ ਕਈ ਨਿਸ਼ਾਨ ਸਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਹਰਜੋਤ ਸਿੰਘ ਨੂੰ ਨਸ਼ੇੜੀਆਂ ਵੱਲੋਂ ਮਾਰਿਆ ਗਿਆ ਹੈ।
ਉਧਰ, ਦੂਜੇ ਪਾਸੇ ਭੁੱਚੋ ਦੇ ਡੀਐਸਪੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਬੀੜ ਤਲਾਬ ਨੇੜਿਓਂ ਮਿਲੀ ਸੀ। ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਮਾਮਲੇ ਦੀ ਹੋਰ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
- PTC NEWS