Harike Pattan ਵਿਖੇ ਅਰਦਾਸ ਸਮਾਗਮ ਤੋਂ ਪਹਿਲਾਂ ਪਰਮਜੀਤ ਕੌਰ ਖਾਲੜਾ ਦੀ ਜਥੇਦਾਰ ਸਾਹਿਬ ਨੂੰ ਅਪੀਲ

ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਕਥਿਤ ਝੂਠੇ ਪੁਲੀਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਨਿਰਪੱਖ ‘ਪੀਪਲਜ਼ ਕਮਿਸ਼ਨ’ (ਲੋਕ ਕਮਿਸ਼ਨ) ਦਾ ਗਠਨ ਕੀਤਾ ਜਾਵੇ।

By  Aarti July 13th 2026 04:12 PM

ਹਰੀਕੇ ਪੱਤਣ ਵਿਖੇ 14 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸੱਦੀ ਗਏ ਇਕੱਠ ਤੋਂ ਪਹਿਲਾਂ, ਜਸਵੰਤ ਸਿੰਘ ਖਾਲੜਾ ਦੀ ਧਰਮਪਤਨੀ ਅਤੇ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਮਜੀਤ ਕੌਰ ਖਾਲੜਾ ਨੇ ਵੱਡੀ ਮੰਗ ਚੁੱਕੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਕਾਲੇ ਦੌਰ ਦੌਰਾਨ ਜ਼ਬਰਦਸਤੀ ਗਾਇਬ ਕੀਤੇ ਗਏ ਲੋਕਾਂ, ਲਾਵਾਰਿਸ ਲਾਸ਼ਾਂ ਅਤੇ ਕਥਿਤ ਝੂਠੇ ਪੁਲੀਸ ਮੁਕਾਬਲਿਆਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਨਿਰਪੱਖ ‘ਪੀਪਲਜ਼ ਕਮਿਸ਼ਨ’ (ਲੋਕ ਕਮਿਸ਼ਨ) ਦਾ ਗਠਨ ਕੀਤਾ ਜਾਵੇ। 

ਇੱਕਠੇ ਹੋ ਕੇ ਸੱਚ ਨੂੰ ਲੱਭਿਆ ਜਾਵੇ- ਪਰਮਜੀਤ ਕੌਰ ਖਾਲੜਾ 

ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦੇ ਹੋਏ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਪੰਜਾਬ 14 ਜੁਲਾਈ 2026 ਦਿਨ ਮੰਗਲਵਾਰ ਨੂੰ  ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸੱਦੇ 'ਤੇ ਹਰੀਕੇ ਪੱਤਣ (ਜਿੱਥੇ ਲਾਵਾਰਿਸ ਕਰਕੇ ਰੋੜੀਆਂ ਲਾਸ਼ਾਂ) ਵਿਖੇ ਅਰਦਾਸ ਸਮਾਗਮ ਵਿਚ ਇਕੱਠੇ ਹੋਣ ਦੀ ਤਿਆਰੀ ਕਰ ਰਿਹਾ ਹੈ। ਮੈਂ ਪੰਜਾਬ, ਸਮੁੱਚੇ ਸਿੱਖ ਪੰਥ ਅਤੇ ਦੁਨੀਆਂ ਭਰ ਦੇ ਲੋਕ, ਜੋ ਮਨੁੱਖੀ ਹੱਕਾਂ 'ਤੇ ਨਿਆਂ ਵਿਚ ਵਿਸ਼ਵਾਸ ਰੱਖਦੇ ਹਨ, ਸੱਚ ਨੂੰ ਲੱਭਣ ਲਈ ਇੱਕ ਜੁੱਟ ਹੋ ਕੇ ਹੰਬਲਾ ਮਾਰਨ ਦਾ ਤਰਲਾ ਕਰਦੀ ਹਾਂ।

'ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ'

ਉਨ੍ਹਾਂ ਨੇ ਅੱਗੇ ਕਿਹਾ ਕਿ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਉਸ ਤੋਂ ਬਾਅਦ ਦੇ ਸਾਲਾਂ ਦੌਰਾਨ ਲਾਵਾਰਿਸ ਲਾਸ਼ਾਂ , ਤਸ਼ੱਦਦ ਅਤੇ ਹਜ਼ਾਰਾਂ ਝੂਠੇ ਪੁਲਿਸ ਮੁਕਾਬਲੇ ਅੱਜ ਵੀ ਜਵਾਬਦੇਹੀ ਅਤੇ ਇਨਸਾਫ਼ ਦੀ ਮੰਗ ਕਰਦੇ ਹਨ। 

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਦੋਸ਼ੀ ਕਰਾਰ ਦਿੱਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣ ਦੀ ਬਜਾਏ ਫਰਾਰ ਕਰਨ ਵਿਚ ਮਦਦ ਕੀਤੀ| ਜਿਨ੍ਹਾਂ ਵਿੱਚ ਖਾਲੜਾ ਦੇ ਕਾਤਲ ਡੀ.ਐਸ.ਪੀ. ਜਸਪਾਲ ਸਿੰਘ, ਸੱਬ ਇੰਸਪੈਕਟਰ ਜਸਬੀਰ ਸਿੰਘ ਅਤੇ ਸਤਨਾਮ ਸਿੰਘ ਸ਼ਾਮਲ ਹਨ।

ਲੋਕ ਕਮਿਸ਼ਨ ਦਾ ਕੀਤਾ ਜਾਵੇ ਗਠਨ 

ਉਨ੍ਹਾਂ ਨੇ ਅੱਗੇ ਕਿਹਾ ਕਿ ਸਮੁੱਚਾ ਸਿੱਖ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਇਸ ਆਸ ਨਾਲ ਵੇਖਦਾ ਹੈ ਕਿ ਉਹ ਗੁਰੂ ਸਾਹਿਬਾਨ ਵੱਲੋਂ ਸਥਾਪਿਤ ਕੀਤੇ ਸਿਧਾਂਤ ਅਨੁਸਾਰ ਨਿਡਰਤਾ, ਨਿਰਪੱਖਤਾ 'ਤੇ ਚੱਲਦਿਆਂ ਅਗਵਾਈ ਦੇਣਗੇ। ਅਸੀਂ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ 80 ਅਤੇ 90 ਦੇ ਦਹਾਕੇ ਦੌਰਾਨ ਲਾਪਤਾ ਕੀਤੇ ਗਏ ਲੋਕਾਂ , ਲਾਵਾਰਿਸ ਲਾਸ਼ਾਂ ਅਤੇ ਝੂਠੇ ਪੁਲਸ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਸਾਹਮਣੇ ਲਿਆਉਣ ਲਈ ਇੱਕ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਣਪਛਾਤੀਆਂ ਲਾਸ਼ਾਂ ਨੂੰ, ਜਿਨ੍ਹਾਂ ਦੀ ਪਛਾਣ ਸਰਦਾਰ ਖਾਲੜਾ ਨੇ ਆਪਣੀ ਸ਼ਹਾਦਤ ਨਾਲ ਕੀਤੀ, ਕੇਂਦਰੀ ਸਿੱਖ ਅਜਾਇਬ ਘਰ ਵਿੱਚ ਉਨ੍ਹਾਂ ਦਾ ਬਣਦਾ ਸਥਾਨ ਦਿੱਤਾ ਜਾਵੇ ਜਿਨ੍ਹਾਂ ਦੀਆਂ ਉਹ ਹੱਕਦਾਰ ਹਨ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜ੍ਹਤ ਪਰਿਵਾਰਾਂ ਦੀ ਮਾਲੀ ਮਦਦ ਕਰੇ।

ਇਹ ਵੀ ਪੜ੍ਹੋ  :  Farmers Motorcyle Rally Update : ਭਾਰਤ-ਅਮਰੀਕਾ ਵਪਾਰ ਸਮਝੌਤੇ ’ਤੇ ਕਿਸਾਨ ਆਗੂ ਬਲਬੀਰ ਰਾਜੇਵਾਲ ਦੀ ਸਰਕਾਰ ਨੂੰ ਚਿਤਾਵਨੀ, ਕਿਹਾ..

Related Post