ਕਿਸਾਨ ਅੱਜ ਕਰਨਗੇ ਦਿੱਲੀ ਵੱਲ ਕੂਚ, ਦਿੱਲੀ 'ਚ ਧਾਰਾ 144 ਲਾਗੂ, ਚੱਪੇ-ਚੱਪੇ 'ਤੇ ਪੁਲਿਸ

By  KRISHAN KUMAR SHARMA March 6th 2024 09:16 AM

SKM Delhi Chalo Call: ਦੇਸ਼ ਭਰ ਵਿਚੋਂ ਵੱਖ ਵੱਖ ਰਾਜਾਂ ਦੇ ਕਿਸਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਵੱਲੋਂ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਕਿਸਾਨਾਂ ਦੇ ਦਿੱਲੀ ਚਲੇ ਦੇ ਸੱਦੇ ਦੇ ਮੱਦੇਨਜ਼ਰ ਪੁਲਿਸ (delhi-police) ਨੇ ਰਾਜਧਾਨੀ 'ਚ ਸੁਰੱਖਿਆ ਦੇ ਚੌਕਸ ਪ੍ਰਬੰਧ ਕੀਤੇ ਹਨ। ਚੱਪੇ-ਚੱਪੇ 'ਤੇ ਪੁਲਿਸ ਨੇ ਪਹਿਰੇਬੰਦੀ ਕੀਤੀ ਹੋਈ ਹੈ। ਦੱਸ ਦਈਏ ਕਿ ਦੋ ਦਿਨ ਪਹਿਲਾਂ SKM ਦੇ ਆਗੂਆਂ ਨੇ 6 ਮਾਰਚ ਨੂੰ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਦਿੱਤਾ ਸੀ। ਕਿਸਾਨਾਂ ਦੇ ਦਿੱਲੀ ਪਹੁੰਚਣ ਦੇ ਮੱਦੇਨਜ਼ਰ ਪੁਲਿਸ ਵੱਲੋਂ ਧਾਰਾ 144 ਸਮੇਤ ਹੋਰ ਪ੍ਰਬੰਧ ਕੀਤੇ ਗਏ ਹਨ।

ਹਾਲਾਂਕਿ ਇਸ ਸਬੰਧੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ (Sarwan Singh Pandher) ਨੇ ਸਪੱਸ਼ਟ ਕੀਤਾ ਸੀ ਕਿ ਕਿਸਾਨ ਅੰਦੋਲਨ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਬੈਠੇ ਕਿਸਾਨ ਮੋਰਚੇ 'ਤੇ ਡੱਟੇ ਰਹਿਣਗੇ। ਉਨ੍ਹਾਂ ਕਿਹਾ ਸੀ ਕਿ 6 ਮਾਰਚ ਨੂੰ ਦੇਸ਼ ਭਰ ਦੇ ਦੂਜੇ ਰਾਜਾਂ ਦੇ ਕਿਸਾਨਾਂ ਨੂੰ ਰੇਲਵੇ, ਬੱਸਾਂ ਅਤੇ ਹੋਰ ਵਾਹਨਾਂ ਰਾਹੀਂ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

ਸਰਵਣ ਸਿੰਘ ਪੰਧੇਰ ਨੇ ਸਪੱਸ਼ਟ ਕਰਦਿਆਂ ਕਿਹਾ ਸੀ ਕਿ, ਪੰਜਾਬ ਅਤੇ ਹਰਿਆਣਾ ਦੇ ਕਿਸਾਨ ਇੱਥੇ (ਖਨੌਰੀ ਅਤੇ ਸ਼ੰਭੂ ਬਾਰਡਰ) ਰਹਿਣਗੇ, ਅਸੀਂ ਆਪਣੇ ਟਰੈਕਟਰਾਂ ਅਤੇ ਟਰਾਲੀਆਂ ਤੋਂ ਬਿਨਾਂ ਅੱਗੇ ਨਹੀਂ ਵਧਾਂਗੇ ...ਅਸੀਂ ਦਿੱਲੀ ਵੱਲ ਮਾਰਚ ਕਰਨ ਦਾ ਆਪਣਾ ਫੈਸਲਾ ਨਹੀਂ ਬਦਲਿਆ, ਅਸੀਂ ਉਦੋਂ ਤੱਕ ਇੰਤਜ਼ਾਰ ਕਰਾਂਗੇ ਜਦੋਂ ਤੱਕ ਸਰਕਾਰ ਸੜਕਾਂ ਦੁਬਾਰਾ ਨਹੀਂ ਖੋਲ੍ਹਦੀ।'' ਉਨ੍ਹਾਂ ਅੱਗੇ ਕਿਹਾ ਸੀ, ''ਅਸੀਂ ਦੂਜੇ ਰਾਜਾਂ ਦੇ ਕਿਸਾਨਾਂ ਨੂੰ 6 ਮਾਰਚ ਨੂੰ ਰੇਲਵੇ, ਬੱਸਾਂ ਜਾਂ ਕਿਸੇ ਹੋਰ ਵਾਹਨ ਦੀ ਵਰਤੋਂ ਕਰਕੇ ਦਿੱਲੀ ਵੱਲ ਮਾਰਚ (ਪਹੁੰਚਣ) ਲਈ ਕਿਹਾ ਹੈ।''

ਦਿੱਲੀ ਪੁਲਿਸ ਨੇ ਕੀਤੇ ਚੌਕਸ ਪ੍ਰਬੰਧ

ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਰਾਜਧਾਨੀ ਦੀ ਪੁਲਿਸ ਵੀ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਮਰਕਸੀ ਬੈਠੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪਹੁੰਚਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ 'ਚ ਲੈਣ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡੇ 'ਤੇ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਅਧਿਕਾਰੀ ਨੇ ਕਿਹਾ ਕਿ 'ਦਿੱਲੀ ਵਿੱਚ ਸੀਆਰਪੀਸੀ ਦੀ ਧਾਰਾ 144 ਵੀ ਲਾਈ ਗਈ ਹੈ, ਜਿਹੜੀ ਇੱਕ ਖੇਤਰ ਵਿੱਚ ਚਾਰ ਜਾਂ ਵੱਧ ਲੋਕਾਂ ਦੇ ਇਕੱਠਾ ਹੋਣ 'ਤੇ ਰੋਕ ਲਗਾਉਂਦੀ ਹੈ। ਉਨ੍ਹਾਂ ਸਾਰੇ ਸੰਭਾਵੀ ਖੇਤਰਾਂ 'ਤੇ ਪੁਲਿਸ ਦੀਆਂ ਵਾਧੂ ਟੁਕੜੀਆਂ ਤੈਨਾਤ ਕੀਤੀਆਂ ਹਨ, ਜਿਥੇ ਪ੍ਰਦਰਸ਼ਨਕਾਰੀ ਇਕੱਠਾ ਹੋ ਸਕਦੇ ਹਨ। ਅਸੀਂ ਉਨ੍ਹਾਂ ਨੂੰ ਤੁਰੰਤ ਹਿਰਾਸਤ 'ਚ ਲੈ ਲਵਾਂਗੇ।'

ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂ ਤੇਜਵੀਰ ਸਿੰਘ ਨੇ ਵੀ ਕਿਹਾ ਸੀ ਕਿ 6 ਮਾਰਚ ਨੂੰ ਪੂਰੇ ਭਾਰਤ ਵਿੱਚੋਂ ਕਿਸਾਨ ਦਿੱਲੀ ਦੇ ਜੰਤਰ-ਮੰਤਰ ਵੱਲ ਸ਼ਾਂਤਮਈ ਮਾਰਚ ਕਰਨਗੇ। ਉਨ੍ਹਾਂ ਕਿਹਾ ਸੀ ਕਿ ਮੱਧ ਪ੍ਰਦੇਸ਼, ਰਾਜਸਥਾਨ ਅਤੇ ਬਿਹਾਰ ਦੇ ਕਿਸਾਨਾਂ ਨੇ ਮਾਰਚ ਲਈ ਦਿੱਲੀ ਜਾਣ ਦੀ ਪੂਰੀ ਤਿਆਰੀ ਕਰ ਲਈ ਹੈ। ਕਿਸਾਨਾਂ ਦੇ ਐਲਾਨ ਅਨੁਸਾਰ 6 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਬਾਕੀ ਰਾਜਾਂ ਦੇ ਕਿਸਾਨ ਸ਼ਾਂਤਮਈ ਢੰਗ ਨਾਲ ਦਿੱਲੀ ਵੱਲ ਮਾਰਚ ਕਰਨਗੇ।

Related Post