ਪੰਜਾਬ, ਦਿੱਲੀ-NCR, UP ਸਮੇਤ ਇਨ੍ਹਾਂ ਸੂਬਿਆਂ 'ਚ ਵਧੀ ਗਰਮੀ, ਜਾਣੋ ਕਦੋਂ ਹੋਵੇਗੀ ਬਾਰਿਸ਼!

Punjab Weather: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਈ ਦੀ ਸ਼ੁਰੂਆਤ ਬਾਰਿਸ਼ ਨਾਲ ਹੋਈ, ਜਿਸ ਕਾਰਨ ਲੋਕ ਠੰਡ ਮਹਿਸੂਸ ਕਰ ਰਹੇ ਸਨ।

By  Amritpal Singh May 12th 2023 08:33 AM -- Updated: May 12th 2023 08:36 AM

Punjab Weather: ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਈ ਦੀ ਸ਼ੁਰੂਆਤ ਬਾਰਿਸ਼ ਨਾਲ ਹੋਈ, ਜਿਸ ਕਾਰਨ ਲੋਕ ਠੰਡ ਮਹਿਸੂਸ ਕਰ ਰਹੇ ਸਨ। ਹਾਲਾਂਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਵੱਧ ਰਹੇ ਤਾਪਮਾਨ ਕਾਰਨ ਲੋਕਾਂ ਨੂੰ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਈਐਮਡੀ ਤੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਦੇ ਜ਼ਿਆਦਾਤਰ ਰਾਜਾਂ ਵਿੱਚ ਵੀਰਵਾਰ (11 ਮਈ) ਨੂੰ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ। ਆਉਣ ਵਾਲੇ ਕੁਝ ਦਿਨਾਂ 'ਚ ਤਾਪਮਾਨ 'ਚ 3 ਤੋਂ 4 ਡਿਗਰੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਅੱਜ (12 ਮਈ) ਰਾਸ਼ਟਰੀ ਰਾਜਧਾਨੀ ਸਮੇਤ ਕਈ ਰਾਜਾਂ ਵਿੱਚ ਮੌਸਮ ਸਾਫ਼ ਰਹੇਗਾ। ਰਾਜਸਥਾਨ 'ਚ ਤਾਪਮਾਨ ਵਧਣ ਦੀ ਸੰਭਾਵਨਾ ਹੈ।

ਆਈਐਮਡੀ ਦੇ ਅਨੁਸਾਰ, ਸ਼ਨੀਵਾਰ, 13 ਮਈ ਤੋਂ 15 ਮਈ ਤੱਕ ਕਈ ਰਾਜਾਂ ਵਿੱਚ ਮੀਂਹ ਦੀ ਸੰਭਾਵਨਾ ਹੈ। ਹਾਲਾਂਕਿ ਇਸ ਕਾਰਨ ਤਾਪਮਾਨ 'ਚ ਕੋਈ ਗਿਰਾਵਟ ਦਰਜ ਨਹੀਂ ਕੀਤੀ ਜਾਵੇਗੀ। ਸ਼ੁੱਕਰਵਾਰ (12 ਮਈ) ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਅੱਜ ਰਾਜਸਥਾਨ 'ਚ ਹੀਟਵੇਵ ਅਤੇ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਜੈਸਲਮੇਰ, ਬੀਕਾਨੇਰ ਅਤੇ ਆਸਪਾਸ ਦੇ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 44-45 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਸਕਦਾ ਹੈ।



ਪੰਜਾਬ ਵਿੱਚ ਗਰਮੀ ਵਧਣ ਲੱਗੀ ਹੈ। ਤਿੰਨ ਦਿਨਾਂ ਵਿੱਚ ਕੁਝ ਸ਼ਹਿਰਾਂ ਵਿੱਚ ਪੰਜ ਡਿਗਰੀ ਸੈਲਸੀਅਸ ਤੱਕ ਦਾ ਉਛਾਲ ਦੇਖਿਆ ਗਿਆ ਹੈ। ਫਰੀਦਕੋਟ ਵਿੱਚ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 3.8 ਡਿਗਰੀ ਸੈਲਸੀਅਸ ਵੱਧ ਸੀ। ਪਟਿਆਲਾ, ਮੁਕਤਸਰ, ਬਠਿੰਡਾ ਅਤੇ ਬਰਨਾਲਾ ਵਿੱਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਦੋ ਦਿਨਾਂ ਵਿੱਚ ਤਾਪਮਾਨ ਵਿੱਚ ਤਿੰਨ ਡਿਗਰੀ ਦਾ ਵਾਧਾ ਹੋ ਸਕਦਾ ਹੈ।


ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸੂਬੇ ਦੇ ਹੋਰ ਸ਼ਹਿਰਾਂ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਅੰਮ੍ਰਿਤਸਰ 'ਚ 39.8 ਡਿਗਰੀ, ਲੁਧਿਆਣਾ 'ਚ 39.8, ਪਟਿਆਲਾ 'ਚ 40.3, ਬਠਿੰਡਾ 'ਚ 40.8, ਬਰਨਾਲਾ 'ਚ 40.3, ਜਲੰਧਰ 'ਚ 38.4, ਮੋਗਾ 'ਚ 39.8, ਮੁਕਤਸਰ 'ਚ 40.5 ਅਤੇ ਰੋਪੜ 'ਚ 38.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


5 ਮਈ ਤੋਂ ਲੈ ਕੇ ਵੀਰਵਾਰ ਤੱਕ ਪੰਜਾਬ ਵਿੱਚ ਆਮ ਨਾਲੋਂ 45 ਫੀਸਦੀ ਘੱਟ ਮੀਂਹ ਪਿਆ ਹੈ। ਇਹੀ ਕਾਰਨ ਹੈ ਕਿ ਗਰਮੀ ਨੇ ਜ਼ੋਰ ਫੜ ਲਿਆ ਹੈ। ਵਿਭਾਗ ਅਨੁਸਾਰ ਇਨ੍ਹਾਂ ਸੱਤ ਦਿਨਾਂ ਵਿੱਚ 3.6 ਮਿਲੀਮੀਟਰ ਆਮ ਵਰਖਾ ਦੇ ਮੁਕਾਬਲੇ ਸਿਰਫ਼ 2 ਮਿਲੀਮੀਟਰ ਮੀਂਹ ਹੀ ਪਿਆ ਹੈ। ਖਾਸ ਕਰਕੇ ਪੰਜਾਬ ਦੇ ਪਟਿਆਲਾ, ਸੰਗਰੂਰ, ਫਿਰੋਜ਼ਪੁਰ, ਮਾਨਸਾ ਅਤੇ ਮੋਗਾ ਜ਼ਿਲ੍ਹੇ ਇਨ੍ਹਾਂ ਦਿਨਾਂ ਦੌਰਾਨ ਪੂਰੀ ਤਰ੍ਹਾਂ ਸੁੱਕੇ ਰਹੇ।

Related Post