8 ਮਹੀਨੇ ਤੋਂ ਲਾਪਤਾ ਮਹਿਲਾ ਦਾ ਸੁਰਾਗ਼ ਨਹੀਂ ਲਗਾ ਸਕੀ ਸੰਗਰੂਰ ਪੁਲਿਸ, ਹਾਈਕੋਰਟ ਨੇ SSP ਕੀਤਾ ਤਲਬ

By  KRISHAN KUMAR SHARMA February 28th 2024 05:33 PM

ਪੀਟੀਸੀ ਨਿਊਸ਼ ਡੈਸਕ: ਮੁਲਜ਼ਮਾਂ ਦੀ ਭਾਲ ਕਰਨ ਅਤੇ ਬਹਾਦਰੀ ਵਾਲੇ ਆਪਣੇ ਕੰਮਾਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਪੰਜਾਬ ਪੁਲਿਸ 8 ਮਹੀਨੇ ਤੋਂ ਇੱਕ ਮਹਿਲਾ ਨੂੰ ਲੱਭਣ 'ਚ ਨਾਕਾਮ ਸਿੱਧ ਹੋ ਰਹੀ ਹੈ। ਸੰਗਰੂਰ ਪੁਲਿਸ (Sangrur Police) ਦੀ ਇਸ ਨਾਕਾਮੀ ਨੂੰ ਲੈ ਕੇ ਪੰਜਾਬ-ਹਰਿਆਣਾ ਹਾਈਕੋਰਟ (High Court) ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਤਲਬ ਕੀਤਾ ਹੈ। ਹਾਈਕੋਰਟ ਨੇ ਐਸਐਸਪੀ ਸੰਗਰੂਰ (SSP Sangrur) ਨੂੰ ਅਦਾਲਤ 'ਚ ਪੇਸ਼ ਹੋ ਕੇ ਮਾਮਲੇ 'ਚ ਜਵਾਬ ਦੇਣ ਦਾ ਹੁਕਮ ਜਾਰੀ ਕੀਤਾ ਹੈ।

ਜਾਣਕਾਰੀ ਅਨੁਸਾਰ ਲਾਪਤਾ ਮਹਿਲਾ ਦੇ ਪਤੀ ਨੇ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਉਸ ਨੇ ਦਾਖ਼ਲ ਪਟੀਸ਼ਨ 'ਚ ਅਦਾਲਤ ਨੂੰ ਦੱਸਿਆ ਕਿ ਉਸ ਦੀ ਪਤਨੀ 8 ਮਹੀਨੇ ਪਹਿਲਾਂ ਲਾਪਤਾ ਹੋਈ ਸੀ, ਜਿਸ ਤੋਂ ਬਾਅਦ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਉਸ ਨੇ ਪੁਲਿਸ ਨੂੰ 8 ਮਹੀਨੇ ਪਹਿਲਾਂ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਅਜੇ ਤੱਕ ਵੀ ਕੋਈ ਠੋਸ ਕਾਰਵਾਈ ਕਰਨ ਤੋਂ ਅਸਮਰੱਥ ਹੈ ਅਤੇ ਸਿਰਫ਼ ਇੱਕ ਲਾਪਤਾ ਦਾ ਪੋਸਟਰ ਜਾਰੀ ਕੀਤਾ ਗਿਆ ਹੈ ਅਤੇ ਆਪਣਾ ਖਹਿੜਾ ਛੁਡਾ ਰਹੀ ਹੈ।

ਹਾਈਕੋਰਟ ਨੇ ਇਸ ਮਾਮਲੇ 'ਚ ਪੁਲਿਸ ਦੀ ਨਾਕਾਮੀ ਨੂੰ ਵੇਖਦਿਆਂ ਬੁੱਧਵਾਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਖ਼ਤ ਰੁਖ ਅਪਨਾਇਆ ਹੈ, ਜਿਸ ਤੋਂ ਬਾਅਦ ਅਦਾਲਤ ਨੇ ਸੰਗਰੂਰ ਦੇ ਐਸਐਸਪੀ ਨੂੰ ਮਾਮਲੇ 'ਚ ਅਦਾਲਤ 'ਚ ਪੇਸ਼ ਹੋ ਕੇ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ।

ਦੱਸ ਦਈਏ ਕਿ ਮਹਿਲਾ ਦੀ ਇੱਕ ਸਾਢੇ 4 ਸਾਲ ਦੀ ਬੱਚੀ ਵੀ ਹੈ, ਜਿਸ ਦੀ ਦੇਖਭਾਲ ਉਸ ਦੇ ਪਿਤਾ ਵੱਲੋਂ ਕੀਤੀ ਜਾ ਰਹੀ ਹੈ।

Related Post