ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਯੂਕੇ ਦੀ ਹਵਾਈ ਫ਼ੌਜ ’ਚ ਫਲਾਈਟ ਲੈਫਟੀਨੈਂਟ ਦੀ ਪ੍ਰਾਪਤੀ ਲਈ ਅਰਸ਼ਦੀਪ ਸਿੰਘ ਨੂੰ ਦਿੱਤੀ ਵਧਾਈ

Jathedar Kuldeep Singh Gargaj : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ ਸ. ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿਦਿਆ ਅਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ਉੱਤੇ ਪਹੁੰਚਣ।

By  KRISHAN KUMAR SHARMA August 18th 2026 01:50 PM

ਸ੍ਰੀ ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargaj) ਨੇ ਯੂਕੇ ਦੀ ਹਵਾਈ ਫ਼ੌਜ (UK Air Force) ਵਿੱਚ ਲੰਮੇ ਸਮੇਂ ਬਾਅਦ ਸਿੱਖ ਫਲਾਈਟ ਲੈਫਟੀਨੈਂਟ ਵਜੋਂ ਉੱਚ ਅਹੁਦਾ ਹਾਸਲ ਕਰਨ ਲਈ ਪੰਜਾਬੀ ਮੂਲ ਦੇ ਸਾਊਥਾਲ, ਯੂਕੇ ਵਿੱਚ ਰਹਿਣ ਵਾਲੇ ਸ. ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੇ ਮਾਪਿਆਂ ਸ. ਜਗਦੀਪ ਸਿੰਘ ਅਤੇ ਬੀਬੀ ਗਗਨਦੀਪ ਕੌਰ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਇਆ ਹੈ ਕਿ ਇੱਕ ਸਿੱਖ ਨੇ ਯੂਕੇ ਦੀ ਹਵਾਈ ਫ਼ੌਜ ਵਿੱਚ ਉੱਚ ਅਹੁਦਾ ਹਾਸਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਹ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਫਲਾਈਟ ਲੈਫਟੀਨੈਂਟ ਸ. ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਿਦੇਸ਼ ਵਿੱਚ ਰਹਿੰਦਿਆਂ ਵੀ ਸਿੱਖੀ ਰਵਾਇਤਾਂ ਅਤੇ ਪੰਜਾਬੀ ਮਾਂ ਬੋਲੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਉੱਤੇ ਚੱਲਦਿਆਂ ਅੱਜ ਦੁਨੀਆ ਵਿੱਚ ਉੱਚੇ ਮੁਕਾਮ ਹਾਸਲ ਕੀਤੇ ਹਨ ਅਤੇ ਸ. ਅਰਸ਼ਦੀਪ ਸਿੰਘ ਦੀ ਪ੍ਰਾਪਤੀ ਨਾਲ ਸਮੁੱਚੀ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਿੱਖ ਨੌਜਵਾਨ ਸ. ਅਰਸ਼ਦੀਪ ਸਿੰਘ ਤੋਂ ਸੇਧ ਲੈ ਕੇ ਚੰਗੀ ਵਿਦਿਆ ਅਤੇ ਮਿਹਨਤ ਰਾਹੀਂ ਉੱਚੇ ਮੁਕਾਮਾਂ ਉੱਤੇ ਪਹੁੰਚਣ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਬਾਣੀ ਵਿੱਚ ਸਿੱਖਿਆ ਦਿੱਤੀ ਹੈ ਕਿ ਸਾਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਹੀ ਅਗਾਂਹ ਵਧਣ ਲਈ ਤਾਂਘ ਤੇ ਉੱਦਮ ਕਰਨੇ ਚਾਹੀਦੇ ਹਨ ਅਤੇ ਪਿਛਾਂਹ ਨੂੰ ਨਹੀਂ ਮੁੜਣਾ ਚਾਹੀਦਾ।

ਇਹ ਵੀ ਪੜ੍ਹੋ... ਰੇਲਵੇ ਦੀ Chandigarh ਖੇਤਰ 'ਚ ਵੱਡੀ ਕਾਰਵਾਈ, 51 ਰੇਲਾਂ ਦੀ ਜਾਂਚ, ਪਾਣੀ ਦੀਆਂ ਬੋਤਲਾਂ, ਆਈਸਕ੍ਰੀਮ ਤੇ ਫਲੇਵਰਡ ਮਿਲਕ ਜ਼ਬਤ

Related Post