Tue, Aug 18, 2026
Whatsapp

ਗੁਰਦਾਸਪੁਰ ‘ਚ ਰੂਹ ਕੰਬਾਊ ਵਾਰਦਾਤ, ਜਵਾਨ ਪੁੱਤ ਦੇ ਕਤਲ ਦਾ ਗਹਿਰਾ ਸਦਮਾ ਨਾ ਸਹਾਰਦਿਆਂ ਮ੍ਰਿਤਕ ਦੇ ਪਿਤਾ ਦੀ ਵੀ ਹੋਈ ਮੌਤ

Punjab News: ਗੁਰਦਾਸਪੁਰ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਵਸਨੀਕ ਨੌਜਵਾਨ ਤੇਜਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ।

Reported by:  PTC News Desk  Edited by:  Amritpal Singh -- August 18th 2026 02:57 PM
ਗੁਰਦਾਸਪੁਰ ‘ਚ ਰੂਹ ਕੰਬਾਊ ਵਾਰਦਾਤ, ਜਵਾਨ ਪੁੱਤ ਦੇ ਕਤਲ ਦਾ ਗਹਿਰਾ ਸਦਮਾ ਨਾ ਸਹਾਰਦਿਆਂ ਮ੍ਰਿਤਕ ਦੇ ਪਿਤਾ ਦੀ ਵੀ ਹੋਈ ਮੌਤ

ਗੁਰਦਾਸਪੁਰ ‘ਚ ਰੂਹ ਕੰਬਾਊ ਵਾਰਦਾਤ, ਜਵਾਨ ਪੁੱਤ ਦੇ ਕਤਲ ਦਾ ਗਹਿਰਾ ਸਦਮਾ ਨਾ ਸਹਾਰਦਿਆਂ ਮ੍ਰਿਤਕ ਦੇ ਪਿਤਾ ਦੀ ਵੀ ਹੋਈ ਮੌਤ

Punjab News: ਗੁਰਦਾਸਪੁਰ ਅਧੀਨ ਪੈਂਦੇ ਪਿੰਡ ਸੋਹੀਆਂ ਦੇ ਵਸਨੀਕ ਨੌਜਵਾਨ ਤੇਜਿੰਦਰ ਸਿੰਘ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਦੂਜੇ ਪਾਸੇ ਇਸ ਖ਼ੂਨੀ ਵਾਰਦਾਤ ਤੋਂ ਬਾਅਦ ਜਵਾਨ ਪੁੱਤ ਦੇ ਕਤਲ ਦਾ ਗਹਿਰਾ ਸਦਮਾ ਨਾ ਸਹਾਰਦਿਆਂ ਮ੍ਰਿਤਕ ਦੇ ਪਿਤਾ ਦੀ ਵੀ ਮੌਤ ਹੋ ਗਈ ਹੈ। ਇੱਕੋ ਘਰ ਵਿੱਚੋਂ ਪਿਓ-ਪੁੱਤ ਦੀਆਂ ਲਾਸ਼ਾਂ ਉੱਠਣ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪੀੜਤ ਪਰਿਵਾਰ ਇਨਸਾਫ਼ ਲਈ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਹੈ।

ਗੱਡੀ ਠੀਕ ਕਰਨ ਦਾ ਬਹਾਨਾ ਬਣਾ ਕੇ ਲੈ ਗਏ ਮੁਲਜ਼ਮ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਰਗੋਬਿੰਦਪੁਰ ਦੇ ਡੀ.ਐੱਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਮਾਤਾ ਹਰਜੀਤ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਧਾਰੀਵਾਲ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੇ ਤਿੰਨ ਬੱਚੇ ਹਨ ਅਤੇ ਉਸ ਦਾ ਛੋਟਾ ਪੁੱਤਰ ਤੇਜਿੰਦਰ ਸਿੰਘ ਅੱਡਾ ਧਾਰੀਵਾਲ ਸੋਹੀਆਂ ਵਿਖੇ ਗੱਡੀਆਂ ਦੀ ਮੁਰੰਮਤ ਦਾ ਕੰਮ ਕਰਦਾ ਸੀ। 14 ਅਗਸਤ ਦੀ ਸ਼ਾਮ ਨੂੰ ਤੇਜਿੰਦਰ ਸਿੰਘ ਆਪਣੀ ਦੁਕਾਨ ਬੰਦ ਕਰਕੇ ਘਰ ਪਰਤਿਆ ਸੀ। ਕੁਝ ਹੀ ਸਮੇਂ ਬਾਅਦ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਪੰਨੂ (ਵਾਸੀ ਮਾੜੀ ਪੰਨੂਆਂ), ਜੋ ਪਹਿਲਾਂ ਵੀ ਤੇਜਿੰਦਰ ਕੋਲੋਂ ਗੱਡੀਆਂ ਠੀਕ ਕਰਵਾਉਂਦੇ ਸਨ, ਦੋ ਅਣਪਛਾਤੇ ਨੌਜਵਾਨਾਂ ਸਮੇਤ ਮੋਟਰਸਾਈਕਲ ਤੇ ਉਨ੍ਹਾਂ ਦੇ ਘਰ ਆਏ। ਉਹ ਤੇਜਿੰਦਰ ਸਿੰਘ ਨੂੰ ਕਿਸੇ ਗੱਡੀ ਦੀ ਮੁਰੰਮਤ ਕਰਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਏ।

ਇੰਸਪੈਕਟਰ ਹਰਮੀਕ ਸਿੰਘ ਅਨੁਸਾਰ ਜਦੋਂ ਦੇਰ ਰਾਤ ਤੱਕ ਤੇਜਿੰਦਰ ਸਿੰਘ ਵਾਪਸ ਘਰ ਨਾ ਪਰਤਿਆ ਤਾਂ ਉਸ ਦੇ ਵੱਡੇ ਭਰਾ ਰਵਿੰਦਰ ਸਿੰਘ ਨੇ ਕਈ ਵਾਰ ਉਸ ਦੇ ਮੋਬਾਈਲ ਫ਼ੋਨ ‘ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਫ਼ੋਨ ਰਿਸੀਵ ਨਹੀਂ ਹੋਇਆ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਦੀ ਭਾਲ ਵਿੱਚ ਜੁਟੇ ਰਹੇ। ਅਗਲੀ ਸਵੇਰ ਪਰਿਵਾਰ ਨੂੰ ਸੂਚਨਾ ਮਿਲੀ ਕਿ ਚੀਮਾ ਖੁੱਡੀ ਸੂਏ ਦੀ ਪੱਟੜੀ ‘ਤੇ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਮੌਕੇ ‘ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀ ਪਛਾਣ ਤੇਜਿੰਦਰ ਸਿੰਘ ਵਜੋਂ ਕੀਤੀ।

ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਮੁਕੱਦਮਾ ਨੰਬਰ 139 ਤਹਿਤ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103, 140 ਅਤੇ 3(5) ਅਧੀਨ ਗੁਰਸਾਹਿਬ ਸਿੰਘ, ਗੁਰਜੀਤ ਸਿੰਘ ਪੰਨੂ ਅਤੇ ਦੋ ਅਣਪਛਾਤੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਨਾਮਜ਼ਦ ਮੁਲਜ਼ਮ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।

ਪੁੱਤ ਦੇ ਕਤਲ ਦੇ ਗ਼ਮ ‘ਚ ਪਿਤਾ ਦੀ ਵੀ ਹੋਈ ਮੌਤ

ਇਸ ਘਟਨਾ ਨੇ ਪੀੜਤ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਤੋੜ ਦਿੱਤਾ ਹੈ। ਮ੍ਰਿਤਕ ਤੇਜਿੰਦਰ ਸਿੰਘ ਦੇ ਭਰਾਵਾਂ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੇ ਨੌਜਵਾਨ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਉੱਥੇ ਹੀ ਜਵਾਨ ਪੁੱਤਰ ਦੀ ਬੇਵਕਤੀ ਮੌਤ ਦਾ ਗ਼ਮ ਨਾ ਸਹਾਰਦੇ ਹੋਏ ਉਨ੍ਹਾਂ ਦੇ ਪਿਤਾ ਕਸ਼ਮੀਰ ਸਿੰਘ ਨੇ ਵੀ ਅੱਜ ਦਮ ਤੋੜ ਦਿੱਤਾ। ਪਰਿਵਾਰ ‘ਤੇ ਆਏ ਇਸ ਦੋਹਰੇ ਦੁਖਾਂਤ ਕਾਰਨ ਘਰ ਵਿੱਚ ਚੀਕ-ਚਿਹਾੜਾ ਪਿਆ ਹੋਇਆ ਹੈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਫ਼ਰਾਰ ਚੱਲ ਰਹੇ ਬਾਕੀ ਸਾਰੇ ਕਾਤਲਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK