ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਗੋਗਾਮੇੜੀ ਦਾ ਗੋਲੀਆਂ ਮਾਰ ਕਤਲ; ਲਾਰੈਂਸ ਗੈਂਗ ਨੇ ਦਿੱਤੀ ਸੀ ਧਮਕੀ
ਜੈਪੁਰ: ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਜੈਪੁਰ ਦੇ ਮੈਟਰੋਮਾਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਖਬਰਾਂ ਮੁਤਾਬਕ ਗੋਗਾਮੇੜੀ ਦੇ ਗੰਨਮੈਨ 'ਤੇ ਵੀ ਹਮਲਾ ਹੋਇਆ ਹੈ।
ਕੌਮੀ ਖਬਰਾਂ ਮੁਤਾਬਕ ਬਦਮਾਸ਼ ਸੁਖਦੇਵ ਗੋਗਾਮੇੜੀ ਅਤੇ ਉਨ੍ਹਾਂ ਦੇ ਗੰਨਮੈਨ ਨਰਿੰਦਰ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਪੁਲਿਸ ਮੁਤਾਬਕ ਦੋ ਵਿਅਕਤੀ ਸਕੂਟਰ 'ਤੇ ਆਏ ਅਤੇ ਗੋਗਾਮੇੜੀ ਅਤੇ ਉਨ੍ਹਾਂ ਦੇ ਗੰਨਮੈਨ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਘਰ 'ਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਇਸ ਤੋਂ ਬਾਅਦ ਸ਼ਿਆਮ ਨਗਰ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਗੋਗਾਮੇੜੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਗੰਨਮੈਨ ਨਰਿੰਦਰ ਗੰਭੀਰ ਰੂਪ ਨਾਲ ਜ਼ਖ਼ਮੀ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਪੁਲਿਸ ਘਰ ਅਤੇ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਵਿੱਚ ਜੁੱਟ ਗਈ ਹੈ।
ਇਹ ਘਟਨਾ ਸ਼ਿਆਮ ਨਗਰ ਸਥਿਤ ਦਾਣਾ ਪਾਣੀ ਰੈਸਟੋਰੈਂਟ ਦੇ ਪਿੱਛੇ ਵਾਪਰੀ। ਖਬਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਤ ਨਹਿਰਾ ਨੇ ਪਿਛਲੇ ਦਿਨੀਂ ਗੋਗਾਮੇੜੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ 'ਤੇ ਗੋਗਾਮੇੜੀ ਨੇ ਜੈਪੁਰ ਪੁਲਿਸ ਨੂੰ ਮੰਗ ਪੱਤਰ ਵੀ ਦਿੱਤਾ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅੱਠ ਬੱਚੇ ਗਿਆਨ ਪਰਦਾਨ ਲਈ ਜਾਣਗੇ ਜਾਪਾਨ