ਨਗਨ ਹਾਲਤ 'ਚ ਮ੍ਰਿਤਕ ਮਿਲੇ ਵਡੇਰੀ ਉਮਰ ਦੇ ਪ੍ਰੇਮੀ-ਪ੍ਰੇਮਿਕਾ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

ਪਿੰਡ ਝਾੜ ਸਾਹਿਬ ਵਿਖੇ ਇਕ ਕੋਲਡ ਸਟੋਰ ਵਿਚ ਚੌਂਕੀਦਾਰ ਵਜੋਂ ਕਰਦੇ ਹੋਏ ਜਸਵੀਰ ਸਿੰਘ ਤੇ ਉਸ ਦੀ ਪ੍ਰੇਮਿਕਾ ਬਲਵਿੰਦਰ ਕੌਰ ਦੀ ਨਗਨ ਹਾਲਤ ਵਿਚ ਲਾਸ਼ਾਂ ਬਰਾਮਦ ਹੋਈਆਂ। ਇਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

By  Ravinder Singh December 29th 2022 04:29 PM

ਮਾਛੀਵਾੜਾ ਸਾਹਿਬ : ਮਾਛੀਵਾੜਾ ਥਾਣਾ ਅਧੀਨ ਪੈਂਦੇ ਪਿੰਡ ਝਾੜ ਸਾਹਿਬ ਵਿਖੇ ਸੋਹੀ ਕੋਲਡ ਸਟੋਰ ਵਿਚ ਚੌਂਕੀਦਾਰ ਦਾ ਕੰਮ ਕਰਦਾ ਜਸਵੀਰ ਸਿੰਘ (50) ਵਾਸੀ ਬਹਿਲੋਲਪੁਰ ਅਤੇ ਉਸਦੀ ਪ੍ਰੇਮਿਕਾ ਬਲਵਿੰਦਰ ਕੌਰ ਵਾਸੀ ਨਾਨੋਵਾਲ ਦੀ ਕਮਰੇ ਅੰਦਰ ਨਗਨ ਹਾਲਤ ਵਿਚ ਲਾਸ਼ਾਂ ਮਿਲੀਆਂ ਤੇ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਨੇੜੇ ਬਲਦੀ ਅੰਗੀਠੀ ਤੋਂ ਗੈਸ ਚੜ੍ਹਨ ਕਾਰਨ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਸੋਹੀ ਕੋਲਡ ਸਟੋਰ ਵਿਚ ਚੌਂਕੀਦਾਰ ਵਜੋਂ ਕੰਮ ਕਰਦਾ ਸੀ ਅਤੇ ਨਾਲ ਹੀ ਬਣੇ ਕਮਰੇ ਵਿਚ ਰਹਿੰਦਾ ਸੀ।


ਨੇੜਲੇ ਪਿੰਡ ਨਾਨੋਵਾਲ ਦੀ ਬਲਵਿੰਦਰ ਕੌਰ ਵੀ ਕੋਲਡ ਸਟੋਰ ਵਿਚ ਕੰਮ ਕਰਨ ਆਉਂਦੀ ਸੀ ਜਿਸ ਦੇ ਜਸਵੀਰ ਸਿੰਘ ਨਾਲ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਨਾਜਾਇਜ਼ ਸਬੰਧ ਸਨ। ਇਸ ਘਟਨਾ ਬਾਰੇ ਤੁਰੰਤ ਸੋਹੀ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੂੰ ਸੂਚਿਤ ਕੀਤਾ ਗਿਆ। ਨਾਇਬ ਸਿੰਘ ਵੱਲੋਂ ਤੁਰੰਤ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਿਸ ਉਤੇ ਤੁਰੰਤ ਥਾਣਾ ਮੁਖੀ ਦਵਿੰਦਰਪਾਲ ਸਿੰਘ, ਚੌਂਕੀ ਇੰਚਾਰਜ ਪ੍ਰਮੋਦ ਕੁਮਾਰ ਮੌਕੇ ਉਪਰ ਪੁੱਜੇ ਜਿਨ੍ਹਾਂ ਨੇ ਕਮਰੇ ਦੀ ਖਿੜਕੀ ਖੋਲ੍ਹ ਕੇ ਦੇਖਿਆ ਤਾਂ ਅੰਦਰ ਜਸਵੀਰ ਸਿੰਘ ਤੇ ਬਲਵਿੰਦਰ ਕੌਰ ਦੀਆਂ ਲਾਸ਼ਾਂ ਨਗਨ ਹਾਲਤ ਵਿਚ ਪਈਆਂ ਸਨ।

ਮ੍ਰਿਤਕ ਚੌਂਕੀਦਾਰ ਜਸਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੇ ਪਿਤਾ ਦਾ ਕਤਲ ਕੀਤਾ ਗਿਆ ਹੈ। ਉਸਨੇ ਦੋਸ਼ ਲਗਾਏ ਕਿ ਇਸ ਕੋਲਡ ਸਟੋਰ ਵਿਚ ਬਹੁਤ ਗਲਤ ਕੰਮ ਹੁੰਦੇ ਹਨ ਅਤੇ ਇਸ ਸਾਰੇ ਮਾਮਲੇ ਦੀ ਪੁਲਿਸ ਬਰੀਕੀ ਨਾਲ ਜਾਂਚ ਕਰੇ।

ਦੂਜੇ ਪਾਸੇ ਕੋਲਡ ਸਟੋਰ ਦੇ ਮਾਲਕ ਨਾਇਬ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸਦੇ ਚੌਂਕੀਦਾਰ ਜਸਵੀਰ ਸਿੰਘ ਦੀ ਮੌਤ ਦੀ ਜਾਂਚ ਪੁਲਿਸ ਨਿਰਪੱਖ ਢੰਗ ਨਾਲ ਕਰੇ ਤੇ ਪੋਸਟ ਮਾਰਟਮ ਤੋਂ ਬਾਅਦ ਰਿਪੋਰਟ ਵਿਚ ਸਾਰੇ ਤੱਥ ਸਾਹਮਣੇ ਆ ਜਾਣਗੇ।

ਇਹ ਵੀ ਪੜ੍ਹੋ : ਪੰਜਾਬ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਢ ਤੋਂ ਰਾਹਤ, ਮੀਂਹ ਦੀ ਸੰਭਾਵਨਾ

ਮਾਛੀਵਾੜਾ ਥਾਣਾ ਮੁਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਕਮਰਾ ਖੋਲ੍ਹਣ ਤੋਂ ਬਾਅਦ ਜੋ ਮੌਕੇ ਦੇ ਹਾਲਾਤ ਦੇਖੇ ਗਏ ਤਾਂ ਉਸ ਤੋਂ ਇਹ ਜਾਪ ਰਿਹਾ ਸੀ ਕਿ ਕਮਰੇ ਵਿਚ ਬਲਦੀ ਅੰਗੀਠੀ ਦੀ ਗੈਸ ਨਾਲ ਉਨ੍ਹਾਂ ਦੋਵਾਂ ਦਾ ਦਮ ਘੁੱਟਣ ਕਾਰਨ ਮੌਤ ਹੋ ਗਈ। ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਲਾਸ਼ ਮੰਜੇ ਉਪਰ ਪਈ ਜਦਕਿ ਬਲਵਿੰਦਰ ਕੌਰ ਦੀ ਲਾਸ਼ ਹੇਠਾਂ ਗਿਰੀ ਹੋਈ ਸੀ। ਇਸ ਤੋਂ ਇਲਾਵਾ ਮ੍ਰਿਤਕ ਜਸਵੀਰ ਸਿੰਘ ਦੇ ਪੈਰ ਵੀ ਸੜੇ ਹੋਏ ਸਨ ਅਤੇ ਅੰਗੀਠੀ ਤੋਂ ਕੰਬਲ ਨੂੰ ਅੱਗ ਲੱਗੀ ਦਿਖਾਈ ਦਿੱਤੀ। ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਤਾਂ ਜੋ ਫੋਰੈਂਸਿਕ ਜਾਂਚ ਵਿਚ ਮੌਤ ਦੇ ਅਸਲ ਕਾਰਨ ਕੀ ਹਨ।

Related Post