ਮਲੇਸ਼ੀਆ ਤੋਂ ਪੇਨਾਂਗ ਦੇ ਡਿਪਟੀ CM ਜਗਦੀਪ ਸਿੰਘ ਦਿਓ ਦੀ ਅਗਵਾਈ ’ਚ ਵਫ਼ਦ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ

Malaysian delegation meets Jathedar Kuldeep Singh Gargaj : ਵਫ਼ਦ ਵਿੱਚ ਮਲੇਸ਼ੀਆ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਦਾਤੋ’ ਪ੍ਰੋ. ਡਾ. ਬੀ.ਐੱਸ. ਬੈਂਸ; ਇਤਿਹਾਸਕਾਰ ਸ. ਸਿਮਰ ਸਿੰਘ; ਮੀਰਪੁਰ ਰਿਆਸਤ ਦੇ ਪਰਿਵਾਰ ਤੋਂ ਅਕਸ਼ੈ ਸਿੰਘ ਦਿਓ; ਆਰੀਅਨ ਮੈਨਨ; ਡਾ. ਸੁਖਜੋਤ ਸਿੰਘ ਅਤੇ ਸਨੀ ਖਹਿਰਾ ਸ਼ਾਮਲ ਸਨ।

By  KRISHAN KUMAR SHARMA August 9th 2026 06:36 PM -- Updated: August 9th 2026 06:39 PM

Malaysian delegation meets Jathedar Kuldeep Singh Gargaj : ਮਲੇਸ਼ੀਆ ਤੋਂ ਪੇਨਾਂਗ ਦੇ ਉਪ ਮੁੱਖ ਮੰਤਰੀ-II ਵਾਈ.ਬੀ. ਜਗਦੀਪ ਸਿੰਘ ਦਿਓ ਦੀ ਅਗਵਾਈ ਹੇਠ ਇੱਕ ਉੱਚ ਪੱਧਰੀ ਮਲੇਸ਼ੀਆਈ ਵਫ਼ਦ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।

ਵਫ਼ਦ ਵਿੱਚ ਮਲੇਸ਼ੀਆ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਦਾਤੋ’ ਪ੍ਰੋ. ਡਾ. ਬੀ.ਐੱਸ. ਬੈਂਸ; ਇਤਿਹਾਸਕਾਰ ਸਿਮਰ ਸਿੰਘ; ਮੀਰਪੁਰ ਰਿਆਸਤ ਦੇ ਪਰਿਵਾਰ ਤੋਂ ਅਕਸ਼ੈ ਸਿੰਘ ਦਿਓ; ਆਰੀਅਨ ਮੈਨਨ; ਡਾ. ਸੁਖਜੋਤ ਸਿੰਘ ਅਤੇ ਸਨੀ ਖਹਿਰਾ ਸ਼ਾਮਲ ਸਨ।


ਮਲੇਸ਼ੀਆਈ ਵਫ਼ਦ ਨੇ ਵਿਸ਼ਵ ਸਿੱਖ ਭਾਈਚਾਰੇ, ਸਿੱਖ ਵਿਰਾਸਤ, ਧਾਰਮਿਕ ਸੰਸਥਾਵਾਂ ਅਤੇ ਮਲੇਸ਼ੀਆ ਵਿੱਚ ਵਸਦੇ ਸਿੱਖਾਂ ਤੇ ਪੰਜਾਬ ਦੀਆਂ ਇਤਿਹਾਸਕ ਸਿੱਖ ਸੰਸਥਾਵਾਂ ਵਿਚਕਾਰ ਸੱਭਿਆਚਾਰਕ ਅਤੇ ਅਧਿਆਤਮਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮਹੱਤਤਾ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਵਾਈ.ਬੀ. ਜਗਦੀਪ ਸਿੰਘ ਦਿਓ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਸਿੱਖ ਧਰਮ ਅਤੇ ਸਿੱਖ ਕਦਰਾਂ-ਕੀਮਤਾਂ ਦੇ ਵਿਸ਼ਵ ਪੱਧਰ ’ਤੇ ਪ੍ਰਚਾਰ ਤੇ ਸੰਭਾਲ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਖ਼ਾਸ ਤੌਰ ’ਤੇ ਨੌਜਵਾਨ ਪੀੜ੍ਹੀ ਅਤੇ ਭਾਰਤ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ, ਵਿਰਾਸਤ ਅਤੇ ਇਤਿਹਾਸ ਨਾਲ ਜੋੜਨ ਵਿੱਚ ਸਿੱਖ ਧਾਰਮਿਕ ਆਗੂਆਂ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ।

ਜਗਦੀਪ ਸਿੰਘ ਦਿਓ ਨੇ ਸਿੰਘ ਸਾਹਿਬ ਨੂੰ ਜਾਣਕਾਰੀ ਦਿੱਤੀ ਕਿ ਮਲੇਸ਼ੀਆ ਵਿਖੇ ਸਿੱਖ ਸਭ ਤੋਂ ਪਹਿਲਾਂ ਪੇਨਾਂਗ ਸੂਬੇ ਵਿੱਚ ਹੀ ਗਏ ਹਨ ਅਤੇ ਉਨ੍ਹਾਂ ਦੀ ਮਨਸ਼ਾ ਹੈ ਕਿ ਜਿਸ ਲਾਂਘੇ ਰਾਹੀਂ ਸਿੱਖ ਉੱਥੇ ਜਾਂਦੇ ਸਨ ਉਹ ਵਿਰਾਸਤ ਬਣੇ। 


ਜਗਦੀਪ ਸਿੰਘ ਦਿਓ ਪੇਨਾਂਗ ਦੇ ਸੀਨੀਅਰ ਸਿਆਸੀ ਆਗੂ ਹਨ ਜੋ ਆਪਣੇ ਪਰਿਵਾਰ ਵਿੱਚੋਂ ਮਲੇਸ਼ੀਆ ਦੀ ਸਿਆਸਤ ਵਿੱਚ ਚੌਥੀ ਪੀੜ੍ਹੀ ਵਜੋਂ ਕਾਰਜਸ਼ੀਲ ਹਨ ਅਤੇ ਇਸ ਸਮੇਂ ਪੇਨਾਂਗ ਦੇ ਉਪ ਮੁੱਖ ਮੰਤਰੀ-II ਵਜੋਂ ਕਾਰਜ ਕਰ ਰਹੇ ਹਨ। ਉਨ੍ਹਾਂ ਕੋਲ ਮਨੁੱਖੀ ਪੂੰਜੀ ਵਿਕਾਸ, ਵਿਗਿਆਨ ਅਤੇ ਤਕਨਾਲੋਜੀ ਨਾਲ ਸਬੰਧਤ ਜ਼ਿੰਮੇਵਾਰੀਆਂ ਹਨ। ਉਹ 2008 ਤੋਂ ਪੇਨਾਂਗ ਵਿੱਚ ਚੁਣੇ ਹੋਏ ਨੁਮਾਇੰਦੇ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 

ਵਫ਼ਦ ਨੇ ਮਲੇਸ਼ੀਆ ਵਿੱਚ ਸਥਿਤ ਇਤਿਹਾਸਕ ਸਿੱਖ ਸੰਸਥਾਵਾਂ ਤੇ ਗੁਰੂ ਘਰਾਂ ਦੀ ਸੰਭਾਲ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਇਸ ਸਬੰਧ ਵਿੱਚ ਵਾਈ.ਬੀ. ਜਗਦੀਪ ਸਿੰਘ ਦਿਓ ਵਿਸ਼ੇਸ਼ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੇਨਾਂਗ ਵਿਖੇ ਇਤਿਹਾਸਕ ਵੱਡਾ ਗੁਰਦੁਆਰਾ ਸਾਹਿਬ ਦੀ ਮੁਰੰਮਤ ਅਤੇ ਸੰਭਾਲ ਦੇ ਸੇਵਾ ਕਾਰਜ ਮੁਕੰਮਲ ਹੋਣ ਉਪਰੰਤ ਮਲੇਸ਼ੀਆ ਵਿਖੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦੇਣ ਪੁੱਜੇ। ਮਲੇਸ਼ੀਆ ਦੇ ਜਾਰਜ ਟਾਊਨ ਦੇ ਜਾਲਾਨ ਵਿਖੇ ਸਥਿਤ ਵੱਡਾ ਗੁਰਦੁਆਰਾ ਸਾਹਿਬ ਦੱਖਣ-ਪੂਰਬੀ ਏਸ਼ੀਆ ਦੇ ਸਭ ਤੋਂ ਪੁਰਾਣੇ ਸਿੱਖ ਧਾਰਮਿਕ ਅਸਥਾਨਾਂ ਵਿੱਚੋਂ ਇੱਕ ਹੈ। ਇੱਕ ਸਦੀ ਤੋਂ ਵੱਧ ਪੁਰਾਣੇ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਮੂਲ ਇਮਾਰਤੀ ਸ਼ੈਲੀ ਅਤੇ ਧਾਰਮਿਕ ਮਹੱਤਤਾ ਨੂੰ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ਵੱਡੇ ਪੱਧਰ ’ਤੇ ਪੁਨਰ-ਸੰਭਾਲ ਦਾ ਕੰਮ ਚੱਲ ਰਿਹਾ ਹੈ। ਜਗਦੀਪ ਸਿੰਘ ਦਿਓ ਇਸ ਸੰਭਾਲ ਕਾਰਜ ਨਾਲ ਨੇੜਿਓਂ ਜੁੜੇ ਹੋਏ ਹਨ, ਜਿਸ ਵਿੱਚ ਸਰਕਾਰੀ ਸਹਾਇਤਾ ਅਤੇ ਪ੍ਰਾਜੈਕਟ ਦੀ ਨਿਯਮਤ ਨਿਗਰਾਨੀ ਵੀ ਸ਼ਾਮਲ ਹੈ। 


ਜਗਦੀਪ ਸਿੰਘ ਦਿਓ ਨੇ ਕਿਹਾ ਕਿ ਸਿੰਘ ਸਾਹਿਬ ਜੀ ਨੂੰ ਦਿੱਤਾ ਗਿਆ ਇਹ ਸੱਦਾ ਮਲੇਸ਼ੀਆ ਦੇ ਸਿੱਖ ਭਾਈਚਾਰੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਦੀਆਂ ਸਿੱਖ ਸੰਸਥਾਵਾਂ ਪ੍ਰਤੀ ਸਤਿਕਾਰ ਦੇ ਇੱਕ ਮਹੱਤਵਪੂਰਨ ਪ੍ਰਗਟਾਵੇ ਵਜੋਂ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਤੰਬਰ ਮਹੀਨੇ ਹੋਣ ਵਾਲਾ ਪ੍ਰਸਤਾਵਿਤ ਉਦਘਾਟਨ ਸਮਾਗਮ ਮਲੇਸ਼ੀਆ ਦੇ ਸਿੱਖ ਭਾਈਚਾਰੇ ਅਤੇ ਪੰਜਾਬ ਵਿਚਕਾਰ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।

ਮੁਲਾਕਾਤ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਵਿਰਾਸਤ ਅਤੇ ਮਲੇਸ਼ੀਆ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੰਭਾਲ ਪ੍ਰਤੀ ਮਲੇਸ਼ੀਆਈ ਵਫ਼ਦ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ਵ ਭਰ ਵਿੱਚ ਨੌਜਵਾਨ ਪੀੜ੍ਹੀ ਅਤੇ ਸਿੱਖ ਪ੍ਰਵਾਸੀ ਭਾਈਚਾਰੇ ਵਿੱਚ ਸਿੱਖ ਪਛਾਣ, ਪਰੰਪਰਾਵਾਂ, ਗੁਰਬਾਣੀ ਅਤੇ ਸਿੱਖ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਜਗਦੀਪ ਸਿੰਘ ਦਿਓ ਨੂੰ ਪ੍ਰੇਰਣਾ ਕੀਤੀ ਕਿ ਭਾਵੇਂ ਉਹ ਮਲੇਸ਼ੀਆ ਰਹਿ ਰਹੇ ਹਨ ਪਰ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀ ਹਨ ਅਤੇ ਹਮੇਸ਼ਾ ਆਪਣੇ ਮੂਲ ਪੰਜਾਬ ਨਾਲ ਇਸੇ ਤਰ੍ਹਾਂ ਜੁੜੇ ਰਹਿਣ।

ਇਸ ਮੌਕੇ ਦੋਵਾਂ ਪਾਸਿਓਂ ਸਿੱਖ-ਮਲੇਸ਼ੀਆਈ ਸੱਭਿਆਚਾਰਕ, ਧਾਰਮਿਕ ਅਤੇ ਵਿਰਾਸਤੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਵਿਸ਼ਵ ਭਰ ਵਿੱਚ ਸਿੱਖ ਧਰਮ, ਸਰਬੱਤ ਦੇ ਭਲੇ ਅਤੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਪ੍ਰਚਾਰਨ ਲਈ ਵਚਨਬੱਧਤਾ ਪ੍ਰਗਟ ਕੀਤੀ ਗਈ।

Related Post