Samana News : ਲਾਪਤਾ ਨੌਜਵਾਨ ਦੀ ਡੈਡ ਬਾਡੀ ਸਿਰਸਾ ਨੇੜੇ ਨਹਿਰ ਤੋਂ ਬਰਾਮਦ, ਪਰਿਵਾਰ ਦਾ ਦੋਸ਼ – ਨੌਜਵਾਨ ਦਾ ਕਤਲ ਕੀਤਾ ਗਿਆ

Samana News : ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ੀ ਕਤਲ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

By  KRISHAN KUMAR SHARMA December 26th 2025 03:57 PM

Samana News : ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਤੋਂ ਲਾਪਤਾ ਹੋਏ ਨੌਜਵਾਨ ਗੁਲਸਨ ਖਾਨ ਦੀ ਲਾਸ਼ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਰਿਵਾਰ ਨੇ ਇਸ ਮਾਮਲੇ ਨੂੰ ਸਾਜ਼ਿਸ਼ੀ ਕਤਲ ਦੱਸਦੇ ਹੋਏ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਬੱਚੇ ਨੂੰ ਮਾਰ ਕੇ ਭਾਖੜਾ ਨਹਿਰ ਵਿੱਚ ਸੁੱਟਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸਮਾਣਾ ਦੇ ਪਿੰਡ ਕਕਰਾਲਾ ਭਾਈ ਕਾ ਦਾ ਰਹਿਣ ਵਾਲਾ ਨੌਜਵਾਨ ਗੁਲਸਨ ਖਾਨ ਚਾਰ ਦਸੰਬਰ ਨੂੰ ਆਪਣੇ ਪਰਿਵਾਰ ਨੂੰ ਕਹਿ ਕੇ ਘਰੋਂ ਨਿਕਲਿਆ ਸੀ ਕਿ ਉਹ ਸਮਾਣਾ ਵਿਆਹ ਵਿੱਚ ਜਾ ਰਿਹਾ ਹੈ। ਸਮਾਣਾ ਆ ਕੇ ਉਸ ਨੇ ਇੱਕ ਹੋਟਲ ਵਿੱਚ ਕਮਰਾ ਬੁੱਕ ਕੀਤਾ, ਕੁਝ ਸਮਾਂ ਉੱਥੇ ਰੁਕਣ ਤੋਂ ਬਾਅਦ ਸ਼ਾਮ ਨੂੰ ਹੋਟਲ ਤੋਂ ਨਿਕਲ ਗਿਆ। ਇਸ ਤੋਂ ਬਾਅਦ ਨੌਜਵਾਨ ਨਾਲ ਸੰਪਰਕ ਟੁੱਟ ਗਿਆ। ਕੁਝ ਸਮੇਂ ਬਾਅਦ ਉਸ ਦੇ ਜੁੱਤੇ ਭਾਖੜਾ ਨਹਿਰ ਦੇ ਕੰਢੇ ਤੋਂ ਮਿਲੇ, ਜਿਸ ਨਾਲ ਪਰਿਵਾਰ ਨੂੰ ਸ਼ੱਕ ਹੋਇਆ।

ਪਰਿਵਾਰ ਨੇ ਪੁਲਿਸ ਨੂੰ ਦੋ ਮੋਬਾਇਲ ਨੰਬਰ ਵੀ ਦਿੱਤੇ ਹਨ, ਜਿਨ੍ਹਾਂ ਤੋਂ ਮੈਸੇਜ ਅਤੇ ਫੋਨ ਆਏ ਕਿ “ਮੈਨੂੰ ਬਚਾ ਲਓ, ਕੁਝ ਲੋਕ ਮੈਨੂੰ ਮਾਰ ਕੇ ਭਾਖੜਾ ਵਿੱਚ ਸੁੱਟ ਰਹੇ ਹਨ।” ਇਸ ਤੋਂ ਬਾਅਦ ਕੋਈ ਸੰਪਰਕ ਨਹੀਂ ਹੋ ਸਕਿਆ। ਹੁਣ ਨੌਜਵਾਨ ਦੀ ਡੈਡ ਬਾਡੀ ਸਿਰਸਾ ਦੇ ਨਜ਼ਦੀਕ ਇੱਕ ਨਹਿਰ ਤੋਂ ਬਰਾਮਦ ਹੋਈ ਹੈ।

ਸਿਟੀ ਪੁਲਿਸ ਸਮਾਣਾ ਵੱਲੋਂ ਪਹਿਲਾਂ ਗੁਲਸਨ ਖਾਨ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮੋਬਾਇਲ ਕਾਲ ਡਿਟੇਲ ਰਿਕਾਰਡ (CDR) ਖੰਗਾਲੇ ਜਾ ਰਹੇ ਹਨ। ਮ੍ਰਿਤਕ ਦੀ ਡੈਡ ਬਾਡੀ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਸਮਾਣਾ ਵਿੱਚ ਕਰਵਾਇਆ ਜਾ ਰਿਹਾ ਹੈ।

Related Post