Kapurthala Firing : ਗੋਲੀਆਂ ਨਾਲ ਫਿਰ ਦਹਿਲਿਆ ਕਪੂਰਥਲਾ, ਫਿਰੌਤੀਆਂ ਮੰਗਣ ਦਾ ਕੰਮ ਲਗਾਤਾਰ ਜਾਰੀ
Kapurthala Firing : ਕਪੂਰਥਲਾ (ਪੰਜਾਬ) ਵਿੱਚ ਗੋਲੀਆਂ ਚਲਣ ਦੀ ਘਟਨਾ ਨਾਲ ਇੱਕ ਵਾਰ ਫਿਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਵੱਡੇ ਵਪਾਰੀਆਂ ਨੂੰ ਨਿਸ਼ਾਨਾ ਬਣਾਕੇ ਫਰੋਤੀ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਾਣਕਾਰੀ ਮੁਤਾਬਕ, ਇਹ ਘਟਨਾ ਦੇਰ ਰਾਤ ਦੀ ਹੈ।
ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਇੱਕ ਵੱਡੇ ਹੋਲਸੇਲ ਕਰਿਆਨੇ ਦੇ ਵਪਾਰੀ ਦੇ ਨਿੱਜੀ ਗੋਦਾਮ ’ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਰਾਤ ਕਰੀਬ 1:30 ਵਜੇ 5 ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਗੋਦਾਮ ਦੇ ਗੇਟ ’ਤੇ, ਜਦਕਿ ਤਿੰਨ ਗੋਲੀਆਂ ਸ਼ਟਰ ’ਤੇ ਲੱਗੀਆਂ। ਲਗਾਤਾਰ ਹੋਈ ਫਾਇਰਿੰਗ ਨਾਲ ਇਲਾਕੇ ਵਿੱਚ ਭਾਰੀ ਦਹਿਸ਼ਤ ਫੈਲ ਗਈ।
ਫਾਇਰਿੰਗ ਤੋਂ ਤੁਰੰਤ ਬਾਅਦ ਆਈ ਫਿਰੌਤੀ ਦੀ ਕਾਲ
ਗੋਲੀਆਂ ਚਲਣ ਤੋਂ ਕੁਝ ਸਮੇਂ ਬਾਅਦ ਵਪਾਰੀ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਵਿੱਚ ਲੱਖਾਂ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ। ਫਰੋਤੀ ਨਾ ਦੇਣ ਦੀ ਸੂਰਤ ਵਿੱਚ ਹੋਰ ਨੁਕਸਾਨ ਪਹੁੰਚਾਉਣ ਦੀ ਧਮਕੀ ਵੀ ਦਿੱਤੀ ਗਈ।
ਵਪਾਰੀ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।
ਫਿਲਹਾਲ, ਅਣਪਛਾਤੇ ਬਦਮਾਸ਼ਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਕਾਰਵਾਈ ਜਾਰੀ ਹੈ। ਕਪੂਰਥਲਾ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਵਪਾਰੀਆਂ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।
- PTC NEWS