100 ਤੋਂ ਵੱਧ ਬਦਮਾਸ਼ਾਂ ਨੇ ਘਰ ਚ ਵੜ ਕੇ ਲੜਕੀ ਨੂੰ ਕੀਤਾ ਅਗ਼ਵਾ, ਵੀਡੀਓ ਆਈ ਸਾਹਮਣੇ
ਹੈਦਰਾਬਾਦ : ਤੇਲੰਗਾਨਾ ਦੇ ਰੰਗਾ ਰੈੱਡੀ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਰਚਾਕੋਂਡਾ ਪੁਲਿਸ ਕਮਿਸ਼ਨਰੇਟ ਦੇ ਅਧੀਨ ਆਦੀਬਤਲਾ ਥਾਣੇ ਦੇ ਮੰਨੇਗੁੜਾ ਵਿੱਚ ਇੱਕ 24 ਸਾਲਾ ਲੜਕੀ ਨੂੰ ਉਸਦੇ ਘਰ ਤੋਂ ਅਗਵਾ ਕਰ ਲਿਆ ਗਿਆ। ਉਸ ਦੇ ਮਾਤਾ-ਪਿਤਾ ਨੇ ਦੋਸ਼ ਲਾਇਆ ਕਿ ਕਰੀਬ 100 ਨੌਜਵਾਨ ਉਨ੍ਹਾਂ ਦੇ ਘਰ 'ਚ ਦਾਖ਼ਲ ਹੋਏ, ਉਨ੍ਹਾਂ ਦੀ ਬੇਟੀ ਵੈਸ਼ਾਲੀ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਏ ਤੇ ਘਰ 'ਚ ਭੰਨਤੋੜ ਕੀਤੀ। ਔਰਤ ਪੇਸ਼ੇ ਤੋਂ ਡਾਕਟਰ ਹੈ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ਉਪਰ ਪੁੱਜ ਗਈ ਤੇ ਐਫਆਈਆਰ ਦਰਜ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਚਾਕੋਂਡਾ ਪੁਲਿਸ ਨੇ ਇੱਕ ਘੰਟੇ ਦੀ ਕਾਰਵਾਈ ਤੋਂ ਬਾਅਦ ਪੀੜਤਾ ਨੂੰ ਬਦਮਾਸ਼ਾਂ ਦੇ ਚੁੰਗਲ ਤੋਂ ਛੁਡਵਾ ਲਿਆ ਗਿਆ ਹੈ। ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਇਹ ਅਗ਼ਵਾ ਦਾ ਮਾਮਲਾ ਸੀ।
_ac32ee965915af7db1c5a79bc9084fad_1280X720.webp)
ਰਚਕੋਂਡਾ ਪੁਲਿਸ ਮੁਤਾਬਕ ਪੀੜਤਾ ਨੂੰ ਅਗਵਾ ਕਰਨ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ। ਪੁਲਿਸ ਨੇ ਪੁਸ਼ਟੀ ਕੀਤੀ ਕਿ ਗਿਣੀ ਮਿੱਥੀ ਸਾਜ਼ਿਸ਼ ਸੀ। ਪੀੜਤ ਔਰਤ ਸਦਮੇ ਵਿੱਚ ਹੈ ਅਤੇ ਕੁਝ ਵੀ ਬੋਲਣ ਤੋਂ ਅਸਮਰੱਥ ਹੈ। ਮੁੱਖ ਮੁਲਜ਼ਮ ਨਵੀਨ ਅਜੇ ਫਰਾਰ ਹੈ। ਦੂਜੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰ ਰਹੀ ਹੈ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਗੁੰਡੇ ਉਸ ਨੂੰ ਉਸ ਦੇ ਬੈੱਡਰੂਮ ਤੋਂ ਘਸੀਟ ਕੇ ਲੈ ਗਏ ਅਤੇ ਕਾਰ ਵਿੱਚ ਬਿਠਾ ਲਿਆ। ਰਚਾਕੋਂਡਾ ਦੇ ਐਡੀਸ਼ਨਲ ਸੀਪੀ ਸੁਧੀਰ ਬਾਬੂ ਨੇ ਕਿਹਾ, 'ਵੱਖ-ਵੱਖ ਪਹਿਲੂਆਂ ਤੋਂ ਘਟਨਾ ਦੀ ਜਾਂਚ ਲਈ ਟੀਮਾਂ ਬਣਾਈਆਂ ਗਈਆਂ ਹਨ। ਅਸੀਂ ਮਾਮਲੇ ਦੀ ਤਹਿ ਤੱਕ ਜਾਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਯਕੀਨਨ ਇਹ ਬਹੁਤ ਗੰਭੀਰ ਅਪਰਾਧ ਹੈ। ਇਸ ਮਾਮਲੇ 'ਚ ਆਈਪੀਸੀ ਦੀ ਧਾਰਾ 307 ਵੀ ਜੋੜੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਰਹਾਲੀ ਪੁਲਿਸ ਸਟੇਸ਼ਨ 'ਤੇ ਰਾਕੇਟ ਲਾਂਚਰ ਨਾਲ ਹਮਲਾ, ਜਾਨੀ ਨੁਕਸਾਨ ਤੋਂ ਬਚਾਅ
ਮੰਨੇਗੁਡਾ ਪਿੰਡ ਦੇ ਰਹਿਣ ਵਾਲੇ ਇੱਕ ਜੋੜੇ ਦਾਮੋਦਰ ਰੈਡੀ ਤੇ ਨਿਰਮਲਾ ਨੇ ਦੋਸ਼ ਲਗਾਇਆ ਹੈ ਕਿ ਨਵੀਨ ਰੈਡੀ ਤੇ 100 ਤੋਂ ਵੱਧ ਨੌਜਵਾਨ ਇੱਕ ਕਾਰ ਅਤੇ ਡੀਸੀਐਮ ਵਿੱਚ ਆਏ ਅਤੇ ਉਨ੍ਹਾਂ ਦੀ ਬੇਟੀ ਨੂੰ ਧੱਕੇ ਨਾਲ ਲੈ ਗਏ। ਇਸ ਦੇ ਨਾਲ ਹੀ ਹਮਲਾਵਰਾਂ ਨੇ ਵਾਹਨਾਂ ਅਤੇ ਸੀਸੀਟੀਵੀ ਕੈਮਰੇ ਵਰਗੀਆਂ ਘਰੇਲੂ ਚੀਜ਼ਾਂ ਦੀ ਵੀ ਭੰਨ ਤੋੜ ਕੀਤੀ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੁਲਜ਼ਮ ਨਵੀਨ ਰੈਡੀ ਧਮਕੀਆਂ ਦੇ ਚੁੱਕਾ ਹੈ।
ਉਨ੍ਹਾਂ ਨੇ ਪਹਿਲਾਂ ਅਦੀਬਤਲਾ ਪੁਲਿਸ ਸਟੇਸ਼ਨ ਵਿੱਚ ਉਸ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਪਤੀ-ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਬਦਮਾਸ਼ਾਂ ਦੇ ਹਮਲੇ ਦੌਰਾਨ 100 ਨੰਬਰ 'ਤੇ ਕਾਲ ਕਰਨ ਦੇ ਬਾਵਜੂਦ ਪੁਲਿਸ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਘਟਨਾ ਕਾਰਨ ਮੰਨੇਗੁੜਾ 'ਚ ਤਣਾਅ ਹੈ। ਪੁਲਿਸ ਮੁਤਾਬਕ ਨਵੀਨ ਰੈਡੀ ਤੇ ਲੜਕੀ ਪਹਿਲਾਂ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸਨ।