MP: ਵਾਇਰਲ ਵੀਡੀਓ ਚ ਕਬਾਇਲੀ ਨੌਜਵਾਨ ਤੇ ਪਿਸ਼ਾਬ ਕਰਦਾ ਦਿਖਿਆ ਸ਼ਖਸ; NSA ਦੇ ਤਹਿਤ ਗ੍ਰਿਫਤਾਰ

ਵੀਡੀਓ ਵਿੱਚ ਵਿਖਾਏ ਗਏ ਵਿਅਕਤੀ ਦੀ ਕਥਿਤ ਤੌਰ 'ਤੇ ਪਛਾਣ ਪ੍ਰਵੇਸ਼ ਸ਼ੁਕਲਾ ਵਜੋਂ ਹੋਈ ਹੈ, ਜੋ ਜ਼ਾਹਰ ਤੌਰ 'ਤੇ ਭਾਜਪਾ ਵਿਧਾਇਕ ਕੇਦਾਰ ਨਾਥ ਸ਼ੁਕਲਾ ਦਾ ਕਰੀਬੀ ਹੈ। ਇਹ ਦਾਅਵਾ ਕਾਂਗਰਸੀ ਆਗੂ ਅੱਬਾਸ ਹਫੀਜ਼ ਨੇ ਕੀਤਾ ਹੈ।

By  Jasmeet Singh July 5th 2023 09:52 AM -- Updated: July 5th 2023 10:06 AM

ਨਵੀਂ ਦਿੱਲੀ: ਇੱਕ ਉਦਾਸੀਨ ਘਟਨਾ ਵਿੱਚ ਮੱਧ ਪ੍ਰਦੇਸ਼ ਦੇ ਇੱਕ ਵਿਅਕਤੀ, ਕਥਿਤ ਤੌਰ 'ਤੇ ਭਾਜਪਾ ਦਾ ਇੱਕ ਵਰਕਰ, ਇੱਕ ਕਬਾਇਲੀ ਲੜਕੇ ਦੇ ਚਿਹਰੇ 'ਤੇ ਪਿਸ਼ਾਬ ਕਰਦਾ ਵਿਖਿਆ। ਹਾਲਾਂਕਿ ਇਹ ਘਟਨਾ ਕਦੋਂ ਵਾਪਰੀ ਇਸ ਬਾਰੇ ਕੋਈ ਸਪੱਸ਼ਟ ਨਹੀਂ ਹੈ, ਇਸ ਘਟਨਾ ਨੂੰ ਦਰਸਾਉਂਦੀ ਵੀਡੀਓ 4 ਜੁਲਾਈ (ਮੰਗਲਵਾਰ) ਨੂੰ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਸਾਂਝੀ ਕੀਤੀ ਗਈ ਸੀ, ਜਿਸ ਦੀ ਹਰ ਥਾਂ 'ਤੇ ਨਿੰਦਾ ਕੀਤੀ ਜਾ ਰਹੀ ਹੈ।

ਵੀਡੀਓ ਵਿੱਚ ਵਿਖਾਏ ਗਏ ਵਿਅਕਤੀ ਦੀ ਕਥਿਤ ਤੌਰ 'ਤੇ ਪਛਾਣ ਪ੍ਰਵੇਸ਼ ਸ਼ੁਕਲਾ ਵਜੋਂ ਹੋਈ ਹੈ, ਜੋ ਜ਼ਾਹਰ ਤੌਰ 'ਤੇ ਭਾਜਪਾ ਵਿਧਾਇਕ ਕੇਦਾਰ ਨਾਥ ਸ਼ੁਕਲਾ ਦਾ ਕਰੀਬੀ ਹੈ। ਇਹ ਦਾਅਵਾ ਕਾਂਗਰਸੀ ਆਗੂ ਅੱਬਾਸ ਹਫੀਜ਼ ਵੱਲੋਂ ਕੀਤਾ ਜਾ ਰਿਹਾ ਹੈ। ਵੀਡੀਓ 'ਚ ਸ਼ੁਕਲਾ ਨੂੰ ਸਿਗਰਟ ਪੀਂਦੇ ਹੋਏ ਵਿਅਕਤੀ ਦੇ ਚਿਹਰੇ 'ਤੇ ਪਿਸ਼ਾਬ ਕਰਦੇ ਦਿਖਾਇਆ ਗਿਆ ਹੈ। ਪੀ.ਟੀ.ਸੀ ਨੇ ਵੀਡੀਓ ਦੇਖੀ ਹੈ ਅਤੇ ਜਾਣਬੁੱਝ ਕੇ ਸ਼ੇਅਰ ਨਹੀਂ ਕਰ ਰਹੇ ਹਾਂ।



ਕੌਮੀ ਮੀਡੀਆ ਮੁਤਾਬਕ ਸ਼ੁਕਲਾ ਨੂੰ ਮੰਗਲਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ। ਉਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਐਕਟ, ਐਸਸੀ/ਐਸਟੀ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਲਗਾਇਆ NSA
ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ, “ਸਿੱਧੀ ਜ਼ਿਲੇ ਤੋਂ ਇੱਕ ਵਾਇਰਲ ਵੀਡੀਓ ਮੇਰੇ ਧਿਆਨ ਵਿੱਚ ਆਇਆ ਹੈ… ਮੈਂ ਪ੍ਰਸ਼ਾਸਨ ਨੂੰ ਦੋਸ਼ੀ ਨੂੰ ਗ੍ਰਿਫਤਾਰ ਕਰਨ ਅਤੇ ਸਖਤ ਕਾਰਵਾਈ ਕਰਨ ਅਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।”




ਕਾਂਗਰਸ ਦਾ ਭਾਜਪਾ ਆਗੂਆਂ 'ਤੇ ਆਰੋਪ 
ਅੱਬਾਸ ਹਫੀਜ਼ ਨੇ ਆਪਣੇ ਅਧਿਕਾਰਤ ਪੇਜ ਤੋਂ ਟਵੀਟ ਕਰਦਿਆਂ ਲਿਖਿਆ, “ਕਬਾਇਲੀਆਂ ਦੇ ਹਿੱਤਾਂ ਦੀ ਝੂਠੀ ਗੱਲ ਕਰਨ ਵਾਲਾ ਭਾਜਪਾ ਨੇਤਾ ਇਸ ਤਰ੍ਹਾਂ ਇਕ ਗਰੀਬ ਕਬਾਇਲੀ ਵਿਅਕਤੀ 'ਤੇ ਪਿਸ਼ਾਬ ਕਰ ਰਿਹਾ ਹੈ। ਬਹੁਤ ਹੀ ਨਿੰਦਣਯੋਗ ਘਟਨਾ ਹੈ। ਸ਼ਿਵਰਾਜ ਚੌਹਾਨ ਕੀ ਇਹ ਤੁਹਾਡਾ ਕਬਾਇਲੀਆਂ ਪ੍ਰਤੀ ਪਿਆਰ ਹੈ? ਇਸ ਜੰਗਲ ਰਾਜ ਨੂੰ ਕੀ ਕਹੀਏ ਅਤੇ ਭਾਜਪਾ ਆਗੂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ? ਮੁਲਜ਼ਮ ਦਾ ਨਾਂ ਪ੍ਰਵੇਸ਼ ਸ਼ੁਕਲਾ ਦੱਸਿਆ ਜਾ ਰਿਹਾ ਹੈ ਜੋ ਭਾਜਪਾ ਵਿਧਾਇਕ ਕੇਦਾਰ ਨਾਥ ਸ਼ੁਕਲਾਦਾ ਦਾ ਨੁਮਾਇੰਦਾ ਹੈ। ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਸਮੂਹ ਨਾਲ ਖੜ੍ਹਾ ਇਹ ਵਿਅਕਤੀ ਕਬਾਇਲੀ ਨੌਜਵਾਨ 'ਤੇ ਪਿਸ਼ਾਬ ਕਰਦਾ ਵਿਖਿਆ, ਜਿਸਦੀਆਂ ਤਸਵੀਰਾਂ ਵੀ ਵਾਇਰਲ ਹਨ।

 

ਕਾਂਗਰਸੀ ਆਗੂ ਨੇ ਇੱਕ ਵੱਖਰੇ ਟਵੀਟ 'ਚ ਕਿਹਾ, "ਸ਼ਿਵਰਾਜ ਜੀ, ਲੋਕ ਇਸ ਵੀਡੀਓ ਬਾਰੇ ਕਹਿੰਦੇ ਹਨ ਕਿ ਇਹ ਘਟਨਾ 3 ਮਹੀਨੇ ਪਹਿਲਾਂ ਦੀ ਹੈ ਪਰ ਤੁਹਾਡੀ ਕਾਰਵਾਈ ਉਦੋਂ ਕੀਤੀ ਜਾ ਰਹੀ ਹੈ ਜਦੋਂ ਅਸੀਂ ਕਾਂਗਰਸੀ ਸਾਥੀਆਂ ਨੇ ਇਸ ਨੂੰ ਉਠਾਇਆ। ਕੀ ਤੁਹਾਡਾ ਪ੍ਰਸ਼ਾਸਨ ਅੱਜ ਤੱਕ ਸੁੱਤਾ ਪਿਆ ਸੀ? ਮੁਲਜ਼ਮ ਵਿਧਾਇਕ ਦਾ ਨੁਮਾਇੰਦਾ ਹੈ ਅਤੇ ਵਿਧਾਇਕ ਚੁੱਪ ਸੀ, ਇਸ ਲਈ ਵਿਧਾਇਕ ਨੂੰ ਕਿਉਂ ਨਹੀਂ ਕੱਢਿਆ। ਜਾਣਕਾਰੀ ਦਿਖਾਓ।"

ਆਮ ਆਦਮੀ ਪਾਰਟੀ ਨੇ ਵੀ ਸਾਧਿਆ ਨਿਸ਼ਾਨਾ 
ਇਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂ ਨਰੇਸ਼ ਬਲਿਆਨ ਨੇ ਪ੍ਰਵੇਸ਼ ਸ਼ੁਕਲਾ ਨੂੰ ‘ਸ਼ੈਤਾਨ’ ਕਰਾਰ ਦਿੱਤਾ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ "ਇਹ ਵੀਡੀਓ ਮੱਧ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਜਾਣਕਾਰੀ ਆ ਰਹੀ ਹੈ ਕਿ ਇਹ ਵਿਅਕਤੀ ਭਾਜਪਾ ਵਿਧਾਇਕ ਦਾ ਸਿੱਧਾ ਨੁਮਾਇੰਦਾ ਹੈ। ਸ਼ਿਵਰਾਜ ਚੌਹਾਨ ਜੀ ਇਹ ਸ਼ੈਤਾਨ ਉਸ ਗਰੀਬ ਦੇ ਮੂੰਹ 'ਤੇ ਨਹੀਂ, ਤੁਹਾਡੇ ਸਿਸਟਮ 'ਤੇ ਪਿਸ਼ਾਬ ਕਰ ਰਿਹਾ ਹੈ। ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਕੋਈ ਵੀ ਉਸ ਗਰੀਬ ਵਿਅਕਤੀ ਨੂੰ ਪਰੇਸ਼ਾਨ ਨਾ ਕਰੇ”

ਭਾਜਪਾ ਦਾ ਸਬੰਧਾਂ ਤੋਂ ਇਨਕਾਰ 
ਇਸ ਦੌਰਾਨ ਸੱਤਾਧਾਰੀ ਭਾਜਪਾ ਨੇ ਆਰੋਪੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਅਤੇ ਮੱਧ ਪ੍ਰਦੇਸ਼ ਪੁਲਿਸ ਨੇ ਪ੍ਰਵੇਸ਼ ਸ਼ੁਕਲਾ ਵਿਰੁੱਧ ਭਾਰਤੀ ਦੰਡਾਵਲੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਰੋਕੂ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਸਮੇਤ ਸਖ਼ਤ ਕਾਰਵਾਈ ਕਰਨ ਦਾ ਅਹਿਦ ਲਿਆ।

ਇਵੇਂ ਬਣਾਂਗੇ ਵਿਸ਼ਵਗੁਰੂ - ਕਾਂਗਰਸ 
ਕਾਂਗਰਸ ਦੇ ਮੀਡੀਆ ਅਤੇ ਪਬਲੀਸਿਟੀ ਵਿਭਾਗ ਦੇ ਚੇਅਰਮੈਨ ਪਵਨ ਖੇੜਾ ਨੇ ਇੱਕ ਬੈਨਰ ਦੀ ਤਸਵੀਰ ਦੇ ਨਾਲ ਵੀਡੀਓ ਕਲਿੱਪ ਸਾਂਝੀ ਕੀਤੀ, ਜਿਸ 'ਤੇ ਮੁਲਜ਼ਮ ਨੂੰ 'ਵਿਧਾਇਕ ਪ੍ਰਤੀਨਿਧੀ ਸਿੱਧੀ' ਦੱਸਿਆ ਗਿਆ ਹੈ। ਉਨ੍ਹਾਂ ਟਵੀਟ 'ਚ ਕਿਹਾ, “21ਵੀਂ ਸਦੀ ਵਿੱਚ ਸਾਡੇ ਦੇਸ਼ ਦੇ ਕਬਾਇਲੀਆਂ ਨਾਲ ਅਜਿਹੇ ਅਣਮਨੁੱਖੀ ਅੱਤਿਆਚਾਰ ਹੋ ਰਹੇ ਹਨ ਅਤੇ ਅਸੀਂ ਵਿਸ਼ਵਗੁਰੂ ਬਣਨ ਦਾ ਸੁਪਨਾ ਦੇਖ ਰਹੇ ਹਾਂ! ਸਾਡੇ ਸਾਰਿਆਂ ਲਈ ਇਸ ਤੋਂ ਵੱਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ?” 



ਉਥੇ ਹੀ ਪੁਡੂਚੇਰੀ ਤੋਂ ਕਾਂਗਰਸੀ ਆਗੂ ਕੋਰਕਾਡੂ ਅਸ਼ੋਕ ਨੇ ਟਵੀਟ ਕਰ ਇਲਜ਼ਾਮ ਲਾਇਆ, "ਜਿਸ ਬੱਚੇ 'ਤੇ ਪਿਸ਼ਾਬ ਕੀਤਾ ਗਿਆ, ਉਹ ਕਬਾਇਲੀ ਹੈ। ਪਿਸ਼ਾਬ ਕਰਨ ਤੋਂ ਬਾਅਦ ਐਮ.ਪੀ. ਦੇ ਸਿੱਧੀ ਜ਼ਿਲ੍ਹੇ ਵਿੱਚ ਭਾਜਪਾ ਵਿਧਾਇਕ ਦੇ ਨੁਮਾਇੰਦੇ ਪ੍ਰਵੇਸ਼ ਸ਼ੁਕਲਾ ਨੇ ਲੜਕੇ ਦੇ ਪਿਤਾ ਨੂੰ ਇੱਕ ਹਲਫਨਾਮੇ 'ਤੇ ਦਸਤਖਤ ਕਰਵਾਉਣ ਲਈ ਕਿਹਾ ਕਿ ਵੀਡੀਓ ਫਰਜ਼ੀ ਸੀ। ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ਅਜਿਹੀਆਂ ਕਰਤੂਤਾਂ ਕਰ ਰਹੀ ਹੈ।

ਇਹ ਵੀ ਪੜ੍ਹੋ - ਲੰਗਰ ਸ੍ਰੀ ਗੁਰੂ ਰਾਮਦਾਸ ਜੀ: ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤੀ ਮਿਸਾਲੀ ਕਾਰਵਾਈ, 51 ਮੁਲਾਜ਼ਮ ਮੁਅੱਤਲ

Related Post