ਵਿਜੀਲੈਂਸ ਵੱਲੋਂ ਪੰਚਾਇਤੀ ਫੰਡਾਂ 'ਚ ਘਪਲੇ ਦੇ ਦੋਸ਼ 'ਚ ਪੰਚਾਇਤ ਸਕੱਤਰ ਗ੍ਰਿਫ਼ਤਾਰ

By  Ravinder Singh December 14th 2022 06:39 PM

ਚੰਡੀਗੜ੍ਹ : ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਗ੍ਰਾਮ ਪੰਚਾਇਤ ਹਵਾਰਾ, ਬਲਾਕ ਖਮਾਣੋਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਤਾਇਨਾਤ ਪੰਚਾਇਤ ਸਕੱਤਰ ਰਜਿੰਦਰ ਸਿੰਘ ਨੂੰ 37,55,000 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਇਕ ਸ਼ਿਕਾਇਤ ਦੀ ਪੜਤਾਲ ਉਪਰੰਤ ਪੁਲਿਸ ਥਾਣਾ ਵਿਜੀਲੈਂਸ ਬਿਊਰੋ ਪਟਿਆਲਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ।



ਉਨ੍ਹਾਂ ਦੱਸਿਆ ਕਿ ਉਕਤ ਪਿੰਡ ਦੇ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਨੂੰ 37,55,000 ਰੁਪਏ ਦੀਆਂ ਵਿਕਾਸ ਸਬੰਧੀ ਗਰਾਂਟਾਂ ਪ੍ਰਾਪਤ ਹੋਈਆਂ ਸਨ। ਪੜਤਾਲ ਦੌਰਾਨ ਇਹ ਪਾਇਆ ਗਿਆ ਕਿ ਉਕਤ ਕਥਿਤ ਮੁਲਜ਼ਮ ਪੰਚਾਇਤ ਸਕੱਤਰ ਨੇ ਗੁਰਦੀਪ ਸਿੰਘ, ਜੂਨੀਅਰ ਇੰਜੀਨੀਅਰ (ਜੇ.ਈ.), ਪੰਚਾਇਤੀ ਰਾਜ ਖਮਾਣੋਂ ਤੇ ਸਾਬਕਾ ਸਰਪੰਚ ਬਲਦੇਵ ਸਿੰਘ ਦੀ ਮਿਲੀਭੁਗਤ ਨਾਲ ਉਕਤ ਰਾਸ਼ੀ ਦਾ ਗਬਨ ਕੀਤਾ ਹੈ।

ਵਿਜੀਲੈਂਸ ਬਿਊਰੋ ਦੀ ਟੀਮ ਨੇ ਇਹ ਵੀ ਪਾਇਆ ਹੈ ਕਿ ਗੁਰਦੀਪ ਸਿੰਘ ਜੇਈ ਨੇ ਗ੍ਰਾਮ ਪੰਚਾਇਤ ਦੇ ਮਿਣਤੀ ਇੰਦਰਾਜ ਰਜਿਸਟਰ (ਐਮ.ਬੀ. ਬੁੱਕ) ਵਿੱਚ ਉਕਤ ਗ੍ਰਾਂਟਾਂ ਦੀ ਕੋਈ ਐਂਟਰੀ ਨਹੀਂ ਕੀਤੀ। ਉਪਰੋਕਤ ਗਰਾਂਟਾਂ ਵਿੱਚੋਂ, ਬਿਊਰੋ ਨੇ 19,05,000 ਰੁਪਏ ਦਾ ਮੁਲਾਂਕਣ ਕੀਤਾ ਪਰ ਇਸ ਦੇ ਵੇਰਵੇ ਐਮਬੀ ਬੁੱਕ 'ਚ ਦਰਜ ਨਹੀਂ ਕੀਤੇ ਗਏ।

ਇਹ ਪੜ੍ਹੋ : ਚੰਡੀਗੜ੍ਹ ਦੇ SSP ਅਹੁਦੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਕ ਹੋਏ ਆਹਮੋ-ਸਾਹਮਣੇ

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਗਰਾਂਟਾਂ 'ਚ ਘਪਲਾ ਕਰਨ ਉਪਰੰਤ ਗੁਰਦੀਪ ਸਿੰਘ ਜੇਈ ਨੇ ਇਸ ਸਬੰਧੀ ਵਰਤੋਂ ਸਰਟੀਫਿਕੇਟ 'ਤੇ ਦਸਤਖ਼ਤ ਕਰਕੇ ਇਨ੍ਹਾਂ ਨੂੰ ਬੀਡੀਪੀਓ ਖਮਾਣੋਂ ਤੋਂ ਜਾਰੀ ਕਰਵਾ ਲਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਉਪਰੰਤ ਇਸ ਘਪਲੇ 'ਚ ਮੁਲਜ਼ਮ ਗੁਰਦੀਪ ਸਿੰਘ, ਜੇਈ ਤੇ ਬਲਦੇਵ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਇਸ 'ਚ ਸ਼ਾਮਲ ਹੋਰਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Related Post