Patiala : ਪਟਿਆਲਾ ਪੁਲਿਸ ਦੀ ਵੱਡੀ ਕਾਰਵਾਈ, ਗੋਲਡੀ ਢਿੱਲੋਂ ਗੈਂਗ ਦੇ 4 ਮੈਂਬਰ ਗ੍ਰਿਫਤਾਰ, 10 ਪਿਸਤੌਲ ਬਰਾਮਦ

Patiala Police : ਪਟਿਆਲਾ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਗਿਰੋਹ (Weapon Supply Gang) ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ (Gangster Goldy Dhillon) ਨਾਲ ਜੁੜੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।

By  KRISHAN KUMAR SHARMA April 2nd 2026 01:45 PM -- Updated: April 2nd 2026 02:05 PM

Patiala Police : ਪਟਿਆਲਾ ਪੁਲਿਸ ਨੇ ਅੰਤਰਰਾਜੀ ਹਥਿਆਰ ਤਸਕਰੀ ਗਿਰੋਹ (Weapon Supply Gang) ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ (Gangster Goldy Dhillon) ਨਾਲ ਜੁੜੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਤੋਂ 10 ਪਿਸਤੌਲ ਬਰਾਮਦ ਕੀਤੇ ਹਨ।

ਸੀਨੀਅਰ ਪੁਲਿਸ ਕਪਤਾਨ (SSP) ਵਰੁਣ ਸ਼ਰਮਾ, ਆਈਪੀਐਸ ਨੇ ਦੱਸਿਆ ਕਿ ਪੰਜਾਬ ਦੇ ਡੀਜੀਪੀ ਦੇ ਨਿਰਦੇਸ਼ਾਂ ਹੇਠ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਪੁਲਿਸ ਪਾਰਟੀ ਨੇ ਇੱਕ ਗੁਪਤ ਸੂਚਨਾ ਦੇ ਆਧਾਰ ‘ਤੇ ਮੁੱਖ ਹਾਈਵੇ ਸੰਭੂ ‘ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਜਾਣਕਾਰੀ ਮਿਲੀ ਕਿ ਵਿਦੇਸ਼ ਵਿੱਚ ਬੈਠਾ ਗੈਂਗਸਟਰ ਗੋਲਡੀ ਢਿੱਲੋਂ ਅੰਤਰਰਾਜੀ ਹਥਿਆਰ ਸਪਲਾਇਰਾਂ ਨਾਲ ਸੰਪਰਕ ਵਿੱਚ ਰਹਿ ਕੇ ਪੰਜਾਬ ਵਿੱਚ ਆਪਣੇ ਸਾਥੀਆਂ ਨੂੰ ਹਥਿਆਰ ਸਪਲਾਈ ਕਰ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਸੌਰਵ ਕੁਮਾਰ (ਨਿਵਾਸੀ ਮੁਜ਼ਫ਼ਫ਼ਰਨਗਰ, ਬਿਹਾਰ), ਸਾਜਨ (ਨਿਵਾਸੀ ਸੈਕਟਰ-38, ਸੋਹਾਣਾ, ਮੋਹਾਲੀ), ਇੰਦਰਜੀਤ ਸਿੰਘ (ਨਿਵਾਸੀ ਪਟਿਆਲਾ) ਅਤੇ ਅਭਿਸ਼ੇਕ (ਨਿਵਾਸੀ ਅਬਲੋਵਾਲ, ਪਟਿਆਲਾ) ਨੂੰ ਗ੍ਰਿਫਤਾਰ ਕਰ ਲਿਆ, ਜਿਨ੍ਹਾਂ ਉਪਰ ਪਹਿਲਾਂ ਵੀ ਚੋਰੀ, ਕਤਲ ਦੀ ਕੋਸ਼ਿਸ਼, ਮਾਰਪੀਟ ਅਤੇ ਐਨਡੀਪੀਐਸ ਐਕਟ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ 1 ਅਪ੍ਰੈਲ 2026 ਨੂੰ ਸੀਆਈਏ ਪਟਿਆਲਾ ਅਤੇ ਥਾਣਾ ਸੰਭੂ ਦੀ ਟੀਮ ਪਿੰਡ ਮਹਿਮਦਪੁਰ ਨੇੜੇ ਮੌਜੂਦ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਦੋਸ਼ੀ ਯੂਪੀ-ਬਿਹਾਰ ਤੋਂ ਸਸਤੇ ਦਾਮਾਂ ‘ਤੇ ਹਥਿਆਰ ਲਿਆ ਕੇ ਪੰਜਾਬ ਵਿੱਚ ਮਹਿੰਗੇ ਦਾਮਾਂ ‘ਤੇ ਵੇਚਦੇ ਹਨ ਅਤੇ ਅੱਜ ਇੱਕ ਖੇਪ ਸਪਲਾਈ ਕਰਨ ਵਾਲੇ ਹਨ।

ਪੁਲਿਸ ਨੇ ਮਹਿਮਦਪੁਰ-ਬਨੂੜ ਰੋਡ ਨੇੜੇ ਛਾਪੇਮਾਰੀ ਕਰਕੇ ਚਾਰਾਂ ਮੁਲਜ਼ਮਾਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਕੋਲੋਂ .32 ਬੋਰ ਦੀਆਂ 10 ਦੇਸੀ ਪਿਸਤੌਲ ਬਰਾਮਦ ਕੀਤੀਆਂ। ਇਸ ਸਬੰਧੀ ਥਾਣਾ ਸੰਭੂ ਵਿੱਚ ਮਾਮਲਾ ਨੰਬਰ 50 ਮਿਤੀ 01.04.2026 ਧਾਰਾ 111 ਬੀਐਨਐਸ ਅਤੇ ਆਰਮਜ਼ ਐਕਟ ਅਧੀਨ ਦਰਜ ਕੀਤਾ ਗਿਆ ਹੈ।

ਪੁਲਿਸ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਅਭਿਸ਼ੇਕ ਨੇ ਦੱਸਿਆ ਕਿ ਉਸਦਾ ਪਟਿਆਲਾ ਦੇ ਸੱਨੀ ਕੁਮਾਰ ਨਾਲ ਪੁਰਾਣਾ ਵਿਵਾਦ ਸੀ। ਸਾਲ 2025 ਵਿੱਚ ਉਸ ‘ਤੇ ਜਾਨਲੇਵਾ ਹਮਲਾ ਵੀ ਹੋਇਆ ਸੀ, ਜਿਸਦਾ ਕੇਸ ਥਾਣਾ ਲਾਹੌਰੀ ਗੇਟ ਵਿੱਚ ਦਰਜ ਹੋਇਆ ਸੀ। ਦਸੰਬਰ 2025 ਵਿੱਚ ਵਿਰੋਧੀ ਪੱਖ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਅਭਿਸ਼ੇਕ ਨੇ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ ਸੋਸ਼ਲ ਮੀਡੀਆ ਰਾਹੀਂ ਗੈਂਗਸਟਰ ਗੋਲਡੀ ਢਿੱਲੋਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਬਿਹਾਰ ਤੋਂ ਹਥਿਆਰ ਮੰਗਵਾਏ ਗਏ ਤਾਂ ਜੋ ਸੱਨੀ ਕੁਮਾਰ ਦੀ ਹੱਤਿਆ ਕਰਕੇ ਬਦਲਾ ਲਿਆ ਜਾ ਸਕੇ।

ਪੁਲਿਸ ਮੁਤਾਬਕ ਗੋਲਡੀ ਢਿੱਲੋਂ ਨੇ ਹਥਿਆਰ ਮੁਹੱਈਆ ਕਰਵਾਉਣ ਦੇ ਬਦਲੇ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦੀ ਸ਼ਰਤ ਵੀ ਰੱਖੀ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ।

Related Post