ਦਫ਼ਤਰ ਦੀ ਸ਼ਿਫਟ 'ਚ 6 ਘੰਟੇ ਗੁਸਲਖ਼ਾਨੇ 'ਚ ਗੁਜ਼ਾਰਦਾ ਸੀ ਵਿਅਕਤੀ, ਹੱਥੋਂ ਗਵਾਈ ਨੌਕਰੀ

By  Jasmeet Singh June 3rd 2023 03:32 PM

ਬੀਜਿੰਗ: ਚੀਨ 'ਚ ਇਕ ਵਿਅਕਤੀ ਨੂੰ ਉਸ ਦੀ ਅਜੀਬ ਆਦਤ ਕਾਰਨ ਨੌਕਰੀ ਤੋਂ ਕੱਢ ਦਿੱਤਾ ਗਿਆ। ਵੈਂਗ ਨਾਂ ਦਾ ਇਹ ਵਿਅਕਤੀ ਕੰਮ ਦੌਰਾਨ ਕਰੀਬ 6 ਘੰਟੇ ਟਾਇਲਟ ਵਿੱਚ ਬਿਤਾਉਂਦਾ ਸੀ। ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਜਦੋਂ ਉਸ ਨੇ ਇਨਸਾਫ਼ ਲਈ ਅਦਾਲਤ ਤੱਕ ਪਹੁੰਚ ਕੀਤੀ ਤਾਂ ਉੱਥੇ ਵੀ ਉਸ ਨੂੰ ਨਿਰਾਸ਼ਾ ਹੀ ਹੱਥ ਲੱਗੀ। ਅਦਾਲਤ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਫੈਸਲਾ ਕੰਪਨੀ ਦੇ ਹੱਕ ਵਿੱਚ ਦਿੱਤਾ। ਅਦਾਲਤ ਨੇ ਉਸ ਵੱਲੋਂ ਦਿੱਤੇ ਮੈਡੀਕਲ ਕਾਰਨਾਂ ਨੂੰ ਵੀ ਰੱਦ ਕਰਦਿਆਂ ਕੰਪਨੀ ਦਾ ਪੱਖ ਲਿਆ।

ਰੋਜ਼ਾਨਾ 3 ਤੋਂ 6 ਘੰਟੇ ਜਾਂਦਾ ਸੀ ਗੁਸਲਖ਼ਾਨੇ 


ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਵੈਂਗ ਅਪ੍ਰੈਲ 2006 'ਚ ਕੰਪਨੀ ਨਾਲ ਜੁੜਿਆ ਸੀ। ਉਸ ਨੇ ਅਪ੍ਰੈਲ 2013 ਤੋਂ ਨਾਨ ਫਿਕਸ ਕੰਟਰੈਕਟ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਦਸੰਬਰ 2014 'ਚ ਗੁੱਦੇ ਨਾਲ ਜੁੜੀ ਸਮੱਸਿਆ ਕਾਰਨ ਉਸ ਦੀ ਸਰਜਰੀ ਹੋਈ। ਇਸ ਸਰਜਰੀ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਟਾਇਲਟ 'ਚ ਰਹਿਣਾ ਪੈਂਦਾ। ਹਾਲਾਂਕਿ ਉਸਦਾ ਇਲਾਜ ਸਫਲ ਰਿਹਾ ਅਤੇ ਸਟਾਫ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਦਿਨ ਵਿੱਚ ਕਈ ਘੰਟਿਆਂ ਤੱਕ ਦਰਦ ਦਾ ਅਨੁਭਵ ਹੁੰਦਾ ਹੈ। ਨਤੀਜੇ ਵੱਜੋਂ ਵੈਂਗ ਨੂੰ ਜੁਲਾਈ 2015 ਤੋਂ ਰੋਜ਼ਾਨਾ ਤਿੰਨ ਤੋਂ ਛੇ ਘੰਟੇ ਟਾਇਲਟ ਸੀਟ 'ਤੇ ਬਿਤਾਉਣਾ ਪੈਂਦਾ।

ਕੰਪਨੀ ਨੇ ਰੱਦ ਕੀਤਾ ਇਕਰਾਰਨਾਮਾ


ਕੰਪਨੀ ਦੇ ਰਿਕਾਰਡ ਮੁਤਾਬਕ 7 ਤੋਂ 17 ਸਤੰਬਰ 2015 ਦਰਮਿਆਨ ਵੈਂਗ ਨੇ ਇੱਕ ਸ਼ਿਫਟ ਵਿੱਚ ਦੋ ਤੋਂ ਤਿੰਨ ਵਾਰ ਰੈਸਟਰੂਮ ਦੀ ਵਰਤੋਂ ਕੀਤੀ। ਉਸ ਦੌਰਾਨ ਪਖਾਨੇ ਜਾਣ ਵਾਲਿਆਂ ਦੀ ਗਿਣਤੀ ਵਧ ਕੇ 22 ਹੋ ਗਈ। ਹਰ ਵਾਰ ਉਹ ਕਰੀਬ 47 ਮਿੰਟ ਤੋਂ ਲੈ ਕੇ ਤਿੰਨ ਘੰਟੇ ਤੱਕ ਉੱਥੇ ਰੁਕਦਾ। ਜਿਸ ਮਗਰੋਂ ਉਸ ਦਾ ਇਕਰਾਰਨਾਮਾ ਕੰਪਨੀ ਨੇ 23 ਸਤੰਬਰ 2015 ਨੂੰ ਖਤਮ ਕਰ ਦਿੱਤਾ ਸੀ। ਨੌਕਰੀ ਤੋਂ ਕੱਢਣ ਦੇ ਕਾਰਨਾਂ 'ਚ ਆਲਸ, ਦਫ਼ਤਰ ਤੋਂ ਜਲਦੀ ਛੁੱਟੀ ਅਤੇ ਅਸਪਸ਼ਟ ਛੁੱਟੀਆਂ ਵਰਗੇ ਪੋਆਇੰਟਸ ਕਰਮਚਾਰੀ ਹੈਂਡਬੁੱਕ ਵਿੱਚ ਸੂਚੀਬੱਧ ਕੀਤੇ ਗਏ ਸਨ।

ਅਦਾਲਤ ਨੇ ਕੰਪਨੀ ਦਾ ਪੱਖ ਪੂਰਿਆ


ਵੈਂਗ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਸੀ ਕਿ ਉਸ ਨੂੰ ਨੌਕਰੀ ਵਾਪਸ ਦਿੱਤੀ ਜਾਵੇ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਵੀ ਵੈਂਗ ਨੂੰ ਆਪਣੀ ਨੌਕਰੀ ਵਾਪਸ ਨਹੀਂ ਮਿਲ ਸਕੀ। ਚੀਨੀ ਅਦਾਲਤਾਂ ਨੇ ਉਸ ਦੀ ਬਰਖਾਸਤਗੀ ਨੂੰ ਕਾਨੂੰਨੀ ਅਤੇ ਸਹੀ ਕਰਾਰ ਦਿੱਤਾ ਹੈ। ਨਾਲ ਹੀ ਪਖਾਨੇ ਵਿਚ ਉਸ ਦੇ ਲੰਬੇ ਰੁਟੀਨ ਨੂੰ ਤਰਕਹੀਣ ਮੰਨਿਆ ਗਿਆ। ਇਹ ਖ਼ਬਰ ਚੀਨੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋਈ ਹੈ ਅਤੇ ਹਰ ਕੋਈ ਹੀ ਕੰਪਨੀ ਦਾ ਪੱਖ ਲੈ ਰਿਹਾ ਹੈ।

ਹੋਰ ਖ਼ਬਰਾਂ ਪੜ੍ਹੋ: 

Related Post