ਸੀਐਮ ਦੀ ਰਿਹਾਇਸ਼ ਅੱਗੇ ਫਾਰਮਸਿਸਟਾਂ ਤੇ ਪੁਲਿਸ ਵਿਚਾਲੇ ਧੱਕਾਮੁੱਕੀ, ਮਾਹੌਲ ਹੋਇਆ ਤਣਾਅਪੂਰਨ

By  Ravinder Singh January 25th 2023 05:32 PM -- Updated: January 25th 2023 05:34 PM

ਸੰਗਰੂਰ : ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਫਾਰਮਸਿਸਟਾਂ ਤੇ ਪੁਲਿਸ ਵਿਚਾਲੇ ਅੱਜ ਧੱਕਾਮੁੱਕੀ ਹੋਈ। ਧੱਕਾਮੁੱਕੀ ਦੌਰਾਨ ਇਕ ਫਾਰਮਸਿਸਟ ਬੇਹੋਸ਼ ਹੋ ਗਿਆ। ਇਸ ਦੌਰਾਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। 



ਪੰਜਾਬ ਭਰ 'ਚੋਂ ਰੂਰਲ ਹੈਲਥ ਫਾਰਮੇਸੀ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਮੁਲਾਜ਼ਮ ਸੀਐਮ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰ ਪੁੱਜੇ ਹਨ। ਇਸ ਦੌਰਾਨ ਰੂਰਲ ਹੈਲਥ ਫਾਰਮੇਸੀ ਮੁਲਾਜ਼ਮਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਹੋਈ ਹੈ। ਉਨ੍ਹਾਂ ਦੇ ਨਾਲ ਪੰਜਾਬ ਭਰ ਦੀਆਂ ਡਿਸਪੈਂਸਰੀਆਂ 'ਚ ਕੰਮ ਕਰਦੇ ਦਰਜਾ 4 ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਰੈਗੂਲਰ ਕੀਤਾ ਜਾਵੇ, ਜਿੰਨਾ ਚਿਰ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ, ਉਨ੍ਹਾਂ ਨੂੰ ਤਨਖਾਹ ਵਧਾ ਕੇ 30,000 ਰੁਪਏ ਦੇ ਕਰੀਬ ਦਿੱਤੀ ਜਾਵੇ।

ਫਿਲਹਾਲ ਸਿਰਫ 11000 ਰੁਪਏ 'ਚ ਨੌਕਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ 26 ਜਨਵਰੀ ਤੋਂ ਮੁਹੱਲਾ ਕਲੀਨਿਕ 'ਚ ਕੰਮ ਨਹੀਂ ਕਰਾਂਗੇ। ਇਸ ਦੇ ਨਾਲ ਰੂਰਲ ਹੈਲਥ ਫਾਰਮੇਸੀ ਮੁਲਾਜ਼ਮਾਂ ਨੇ ਕਿਹਾ ਕਿ ਸੀਐਮ ਨਾਲ ਮੀਟਿੰਗ ਮਗਰੋਂ ਹੀ ਕੋਈ ਫੈਸਲਾ ਲਿਆ ਜਾਵੇਗਾ। ਕਿਸੇ ਫੈਸਲੇ ਤੋਂ ਬਾਅਦ ਹੀ ਰੂਰਲ ਹੈਲਥ ਫਾਰਮੇਸੀ ਅਧਿਕਾਰੀ ਅਤੇ ਦਰਜਾ ਚਾਰ ਕਰਮਚਾਰੀ ਮੁਹੱਲਾ ਕਲੀਨਿਕ ਜਾਣਗੇ। ਅੰਮ੍ਰਿਤਸਰ 'ਚ ਨਵੇਂ ਖੁੱਲ੍ਹਣ ਜਾ ਰਹੇ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਨਿਗੁਣੀਆਂ ਤਨਖਾਹਾਂ ਉਪਰ ਕੰਮ ਕਰਨ ਵਾਲੇ ਸਿਹਤ ਫਾਰਮੇਸੀ ਅਫਸਰਾਂ ਵੱਲੋਂ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।


ਕਾਬਿਲੇਗੌਰ ਹੈ ਕਿ ਪੇਂਡੂ ਡਿਸਪੈਂਸਰੀਆਂ ਵਿਚ ਲੰਬੇ ਸਮੇਂ ਤੋਂ ਤਾਇਨਾਤ ਫਾਰਮੇਸੀ ਅਫਸਰਾਂ ਨੇ ਮੁਹੱਲਾ ਕਲੀਨਿਕਾਂ ਖ਼ਿਲਾਫ਼ ਬਗਾਵਤ ਛੇੜ ਦਿੱਤੀ ਸੀ। ਉਨ੍ਹਾਂ ਨੇ ਮੁਹੱਲਾ ਕਲੀਨਿਕਾਂ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰੂਰਲ ਫਾਰਮੇਸੀ ਅਫਸਰਾਂ ਦੀ ਸੂਬਾ ਪੱਧਰੀ ਜਥੇਬੰਦੀ ਰੂਰਲ ਹੈਲਥ ਫ਼ਾਰਮੇਸੀ ਅਫ਼ਸਰ ਐਸ ਦੇ ਸੂਬਾ ਪ੍ਰਧਾਨ ਕਮਲਜੀਤ ਸਿੰਘ ਚੌਹਾਨ ਨੇ ਕਿਹਾ ਸੀ ਕਿ ਫਾਰਮੇਸੀ ਅਫਸਰ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਸਿੱਖਿਆ ਬੋਰਡ ਦੀ 10ਵੀਂ ਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ, ਚੈਕ ਕਰੋ ਪੇਪਰਾਂ ਦਾ ਪੂਰਾ ਵੇਰਵਾ

ਇਸ ਲਈ ਉਨ੍ਹਾਂ ਨੇ ਬਰਾਬਰ ਕੰਮ, ਬਰਾਬਰ ਤਨਖ਼ਾਹ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਪੂਰੀ ਤਨਖ਼ਾਹ ਦੇ ਕੇ ਅਫਸਰਾਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਐਸੋਸੀਏਸ਼ਨ ਨੇ 23 ਜਨਵਰੀ ਨੂੰ ਪੁਤਲੇ ਸਾੜ ਕੇ ਰੋਸ ਜ਼ਾਹਿਰ ਕੀਤਾ ਸੀ ਤੇ 25 ਜਨਵਰੀ ਨੂੰ ਸੰਗਰੂਰ ਵਿਚ ਸਥਿਤ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਸੀ।

Related Post