ਅਮਰੀਕਾ 'ਚ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ 'ਤੇ ਪਹਿਲੀ ਵਾਰ ਬੋਲੇ ​​PM ਮੋਦੀ

By  Jasmeet Singh December 21st 2023 01:07 PM

ਨਵੀਂ ਦਿੱਲੀ: ਅਮਰੀਕਾ 'ਚ ਭਾਰਤੀ ਅਧਿਕਾਰੀ ਵੱਲੋਂ ਵੱਖਵਾਦੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਪੀ.ਐਮ. ਮੋਦੀ ਨੇ ਪਹਿਲੀ ਵਾਰ ਆਪਣਾ ਬਿਆਨ ਦਿੱਤਾ ਹੈ।

ਪ.ਐਮ. ਮੋਦੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਕਿਸੇ ਭਾਰਤੀ ਸਾਜ਼ਿਸ਼ ਬਾਰੇ ਕੋਈ ਸਬੂਤ ਦਿੱਤਾ ਜਾਂਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਇਸ 'ਤੇ ਵਿਚਾਰ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਘਟਨਾਵਾਂ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਪਟੜੀ ਤੋਂ ਨਹੀਂ ਉਤਾਰ ਸਕਦੀਆਂ।

ਬ੍ਰਿਟਿਸ਼ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ 'ਚ ਪੀ.ਐਮ. ਮੋਦੀ ਨੇ ਸਾਫ਼ ਕਿਹਾ ਕਿ ਜੇਕਰ ਸਾਡੇ ਕਿਸੇ ਨਾਗਰਿਕ ਨੇ ਕੁਝ ਚੰਗਾ ਜਾਂ ਬੁਰਾ ਕੀਤਾ ਹੈ ਤਾਂ ਅਸੀਂ ਇਸ 'ਤੇ ਵਿਚਾਰ ਕਰਨ ਲਈ ਤਿਆਰ ਹਾਂ। ਸਾਡੀ ਵਚਨਬੱਧਤਾ ਕਾਨੂੰਨ ਦੇ ਰਾਜ ਲਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵਿਦੇਸ਼ਾਂ 'ਚ ਮੌਜੂਦ ਕੁਝ ਕੱਟੜਪੰਥੀ ਸਮੂਹਾਂ ਦੀਆਂ ਗਤੀਵਿਧੀਆਂ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ 

ਪੀਐਮ ਮੋਦੀ ਨੇ ਕਿਹਾ, "ਕੱਟੜਪੰਥੀ ਤੱਤ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ 'ਤੇ ਧਮਕੀਆਂ ਦੇਣ ਅਤੇ ਹਿੰਸਾ ਭੜਕਾਉਣ 'ਚ ਲੱਗੇ ਹੋਏ ਹਨ।" 

ਇਸ ਤੋਂ ਪਹਿਲਾਂ ਭਾਰਤੀ ਨਾਗਰਿਕ ਨਿਖਿਲ ਗੁਪਤਾ 'ਤੇ ਪੰਨੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗ ਚੁੱਕੇ ਹਨ। ਅਮਰੀਕਾ ਉਸ ਦੀ ਹਵਾਲਗੀ ਦੀ ਮੰਗ ਕਰ ਰਿਹਾ ਹੈ। ਸਾਲ 2020 ਵਿੱਚ ਭਾਰਤ ਨੇ 'ਸਿੱਖ ਫਾਰ ਜਸਟਿਸ' ਨੂੰ ਅੱਤਵਾਦੀ ਸਮੂਹ ਐਲਾਨਿਆ ਸੀ, ਇਸ ਦੀ ਅਗਵਾਈ ਕਰਨ ਵਾਲੇ ਵੱਖਵਾਦੀ ਸਮਰਥਕ ਪੰਨੂ ਨੂੰ ਵੀ ਅੱਤਵਾਦੀ ਐਲਾਨ ਦਿੱਤਾ ਗਿਆ ਸੀ।

ਭਾਰਤ ਨੇ ਵਾਰ-ਵਾਰ ਕਿਹਾ ਹੈ ਕਿ ਪੱਛਮੀ ਦੇਸ਼ ਖਾਲਿਸਤਾਨੀ ਅੱਤਵਾਦ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹਨ।

 

'ਭਾਰਤ-ਅਮਰੀਕਾ ਦੀ ਦੋਸਤੀ 'ਤੇ ਕੋਈ ਅਸਰ ਨਹੀਂ ਪਵੇਗਾ'

ਭਾਰਤ ਅਤੇ ਅਮਰੀਕਾ ਦੀ ਦੋਸਤੀ 'ਤੇ ਪੀ.ਐਮ. ਮੋਦੀ ਨੇ ਕਿਹਾ ਕਿ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਸਹਿਯੋਗ ਸਾਡੀ ਸਾਂਝੇਦਾਰੀ ਦੇ ਮੁੱਖ ਤੱਤ ਹਨ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਭਾਰਤ ਅਤੇ ਅਮਰੀਕਾ ਦੀ ਦੋਸਤੀ ਨੂੰ ਪ੍ਰਭਾਵਿਤ ਕਰਨਗੀਆਂ।

ਪੀ.ਐਮ. ਮੋਦੀ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨਾਲ ਜੋੜਨਾ ਉਚਿਤ ਹੋਵੇਗਾ।"

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ 'ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਪੀ.ਐਮ. ਮੋਦੀ ਨੇ ਕਿਹਾ ਕਿ ਆਪਸੀ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਦੋਵਾਂ ਦੇਸ਼ਾਂ ਦਾ ਮਜ਼ਬੂਤ ​​ਸਮਰਥਨ ਹੈ। ਇਹ ਇੱਕ ਪਰਿਪੱਕ ਅਤੇ ਸਥਿਰ ਸਾਂਝੇਦਾਰੀ ਦਾ ਸੰਕੇਤ ਹੈ।

Related Post