ਮਾਨਸਾ 'ਚ ਗੁ: ਸਾਹਿਬ ’ਤੇ ਪੁਲਿਸ ਛਾਪੇਮਾਰੀ ਦੀ ਨਿਆਂਇਕ ਜਾਂਚ ਕੀਤੀ ਜਾਵੇ: ਅਕਾਲੀ ਦਲ

By  KRISHAN KUMAR SHARMA February 4th 2024 05:46 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (SAD) ਨੇ ਐਤਵਾਰ ਮਾਨਸਾ (Mansa Incident) ਜ਼ਿਲ੍ਹੇ ਦੇ ਬੋਹਾ ਪੁਲਿਸ ਥਾਣੇ ਅਧੀਨ ਪਿੰਡ ਦੇ ਗੁਰਦੁਆਰਾ (Gurdwara) ਸਾਹਿਬ 'ਚ ਪੁਲਿਸ ਦੀ ਛਾਪੇਮਾਰੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (AAP) ਸਰਕਾਰ ਬੇਖੌਫ ਹੋ ਕੇ ਬੇਅਦਬੀ ਮਗਰੋਂ ਬੇਅਦਬੀ ਕਰਨ ’ਤੇ ਲੱਗੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ (Akali Dal) ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਰਾਬ ਨਾਲ ਰੱਜੇ ਪੁਲਿਸ ਮੁਲਾਜ਼ਮ ਵਰਦੀਆਂ ਪਾ ਕੇ ਤੇ ਹਥਿਆਰਾਂ ਨਾਲ ਲੈਸ ਹੋ ਕੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਮਗਰੋਂ ਪੁਲਿਸ ਮੁਲਾਜ਼ਮਾਂ ਨੇ ’ਸੇਵਾਦਾਰਾਂ’ ਨੂੰ ਗੰਦੀਆਂ ਗਾਲ੍ਹਾਂ ਕੱਢਣੀਆਂ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਕ 14 ਸਾਲਾਂ ਦੇ ਨਾਬਾਲਗ ਨੂੰ ਵੀ ਨਹੀਂ ਬਖਸ਼ਿਆ ਗਿਆ ਤੇ ਉਸਨੂੰ ਸੱਟਾਂ ਵੱਜੀਆਂ ਹਨ।

ਡਾ. ਚੀਮਾ ਨੇ ਕਿਹਾ ਕਿ ਲੋਕ ਹਾਲੇ ਤੱਕ ਕੁਝ ਹਫਤੇ ਪਹਿਲਾਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਹੋਏ ਪੁਲਿਸ ਹਮਲੇ ਤੇ ਫਾਇਰਿੰਗ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਇਸ ਬੇਅਦਬੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ, ਜਿਨ੍ਹਾਂ ਦੀ ਲੀਡਰਸ਼ਿਪ ਵਾਲੀ ਆਪ ਸਰਕਾਰ ਦੇ ਰਾਜ ਵਿਚ ਅਜਿਹੀ ਘਿਨੌਣੀ ਹਰਕਤ ਵਾਪਰੀ ਹੈ।

ਡਾ. ਚੀਮਾ ਨੇ ਕਿਹਾ ਕਿ ਇਸ ਬੇਅਦਬੀ ਦੀ ਕਾਰਵਾਈ ਦੀ ਉਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤੇ ਸਾਰੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ (CM Mann) ਗੁਰਦੁਆਰਾ ਸਾਹਿਬਾਨ ਵਿਚ ਪੁਲਿਸ ਦੇ ਧੱਕੇ ਨਾਲ ਦਾਖਲੇ ਦੀ ਦੂਜੀ ਘਟਨਾ ਦੀ ਜ਼ਿੰਮੇਵਾਰੀ ਲੈਣ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣ।

Related Post