ਬਿਜਲੀ ਸੰਕਟ: ਕੇਂਦਰ ਨੇ ਕੋਲੇ ਦੀ ਸਪਲਾਈ ਯੋਜਨਾ 'ਚ ਕੀਤਾ ਬਦਲਾਅ, 500 ਕਰੋੜ ਰੁਪਏ ਦਾ ਪਵੇਗਾ ਵਿੱਤੀ ਬੋਝ

By  Pardeep Singh January 10th 2023 06:46 PM -- Updated: January 10th 2023 06:51 PM

ਪਟਿਆਲਾ: ਗਰਮੀ ਵਿੱਚ ਬਿਜਲੀ ਦੀ ਖਪਤ ਵਧੇਰੇ ਹੁੰਦੀ ਹੈ ਪਰ  ਇਸ ਵਾਰ ਸਰਦੀ ਵਿੱਚ ਬਿਜਲੀ ਦੀ ਖਪਤ ਦਿਨੋਂ-ਦਿਨ ਵੱਧ ਰਹੀ ਹੈ। ਸਰਦੀ ਵਿੱਚ ਵੀ ਬਿਜਲੀ ਵਿਭਾਗ ਨੂੰ ਪਸੀਨੇ ਛੁੱਟ ਰਹੇ ਹਨ। ਪੰਜਾਬ ਸਰਕਾਰ ਵੱਲੋਂ ਬਿਜਲੀ ਫਰੀ ਦੇਣ ਕਰਕੇ ਬਿਜਲੀ ਦੀ ਮੰਗ ਵੱਧ ਰਹੀ ਹੈ।

ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਵੱਡਾ ਝਟਕਾ

ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰ ਸਰਕਾਰ ਨੇ ਕੋਲੇ ਦੀ ਸਪਲਾਈ ਯੋਜਨਾ ਬਦਲ ਦਿੱਤੀ ਹੈ ਅਤੇ ਕਿਹਾ ਹੈ ਕਿ ਕੋਲਾ ਬਾਹਰ ਤੋਂ ਮੰਗਵਾਇਆ ਜਾਵੇ। ਜੇਕਰ ਕੋਲੋ ਬਾਹਰੋਂ ਮੰਗਾਉਣ ਪੈ ਗਿਆ ਉਸ ਕਾਰਨ ਪੰਜਾਬ ਸਰਕਾਰ ਉੱਤੇ 500 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਕੇਂਦਰ ਨੇ ਨਵੀਂ ਸਪਲਾਈ ਯੋਜਨਾ ਤਹਿਤ 40 ਪ੍ਰਤੀਸ਼ਤ ਦਾ ਕੱਟ ਲਗਾਉਣ ਤੋਂ ਬਾਅਦ ਹੁਣ ਕੇਂਦਰ ਨੇ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਨੂੰ ਬਾਹਰੋਂ ਬਲੈਡਿੰਗ ਕੋਲਾ ਮੰਗਵਾਉਣ ਦੇ ਹੁਕਮ ਦਿੱਤੇ ਹਨ ਜਿਸ ਨਾਲ 500 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ।

 9 ਦਿਨ ਦਾ ਕੋਲਾ ਬਾਕੀ

ਪੰਜਾਬ ਦੇ ਥਰਮਲਾਂ ਕੋਲ ਔਸਤਨ 9 ਦਿਨ ਦਾ ਕੋਲਾ ਬਚਿਆ ਹੈ। ਪਛਵਾੜਾ ਤੋਂ ਆਉਣ ਵਾਲਾ ਕੋਲਾ ਠੱਪ ਹੋ ਗਿਆ ਸੀ ਪਰ ਪੰਜਾਬ ਸਰਕਾਰ ਨੇ ਕੋਲੇ ਦੀ ਸਪਲਾਈ ਮੁੜ ਚਾਲੂ ਕਰਵਾਉਣ ਵਿੱਚ ਅਸਫਲ ਰਹੀ ਹੈ। ਥਰਮਲ ਪਲਾਂਟਾਂ ਕੋਲ ਕੋਲੇ ਦੀ ਘਾਟ ਹੋਣ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਮੁੜ ਨਿਰਾਸ਼ਾਜਨਕ ਸਥਿਤੀ ਬਣਾਏਗਾ। ਮੁਫ਼ਤ ਬਿਜਲੀ ਦੇਣ ਕਰਕੇ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਤੋਂ ਘੱਟ ਨਹੀਂ ਰਹੀ ਸਗੋਂ ਵੱਧ ਰਹੀ ਹੈ।

ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆਹਮੋ-ਸਾਹਮਣੇ

ਕੋਲੇ ਦੀ ਸਪਲਾਈ ਵਿੱਚ ਬਦਲਾਅ ਹੋਣ ਕਾਰਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਮੁੜ ਆਹਮੋ-ਸਾਹਮਣੇ ਹੋ ਗਈਆ ਹਨ। ਕੋਲੇ ਦੀ ਸਪਲਾਈ ਨਾਲ ਪੰਜਾਬ ਦੀ ਬੱਤੀ ਗੁੱਲ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਪੋਸੋਕੋ ਦੀ ਰਿਪੋਰਟ

ਗਰਿੱਡ ਇੰਡੀਆ (ਪੋਸੋਕੋ)ਨੇ ਰਿਪੋਰਟ ਦਿੱਤੀ ਹੈ ਕਿ ਬਿਜਲੀ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਅਤੇ 2023-2024 ਵਿੱਤੀ ਸਾਲ ਦੀ ਪਹਿਲੀ ਛਿਮਾਹੀ ਤੱਕ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ। ਬਿਜਲੀ ਮੰਤਰਾਲੇ ਨੇ ਕੇਂਦਰੀ ਬਿਜਲੀ ਅਥਾਰਟੀ, ਕੋਲਾ ਮੰਤਰਾਲੇ , ਰੇਲ ਮੰਤਰਾਲੇ ਅਤੇ ਬਿਜਲੀ ਉਤਪਾਦਕਾਂ ਦੀ ਐਸੋਸੀਏਸ਼ਨ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ  ਸਾਰੀਆਂ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆ ਨੂੰ ਬਲੇਡਿੰਗ ਲਈ ਕੋਲਾ ਦਰਾਮਦ ਕਰਨ ਦੇ ਨਿਰਦੇਸ਼ ਦੇਣ ਦਾ ਫੈਸਲਾ ਕੀਤਾ ਹੈ। ਮੌਜੂਦਾ ਵਿੱਤੀ ਸਾਲ ਦੀ ਬਾਕੀ ਮਿਆਦ ਅਤੇ ਅਗਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਸਤੰਬਰ 2023 ਤੱਕ) ਲਈ 6% ਦੀ ਦਰ ਨਾਲ ਕੋਲਾ ਦਰਾਮਦ ਕਰਵਾਉਣਾ ਹੋਵੇਗਾ। 

ਪੰਜਾਬ ਦੇ ਚਾਰ ਥਰਮਲ ਪਲਾਂਟ ਉੱਤੇ ਸੰਕਟ

ਪੰਜਾਬ ਦੇ ਚਾਰ ਥਰਮਲ ਪਲਾਂਟ ਕੋਲੇ ਦੀ ਘਾਟ ਕਾਰਨ ਸੰਕਟ ਵਿੱਚ ਹਨ। ਪੰਜਾਬ ਦੇ ਥਰਮਲ ਪਲਾਂਟਾ ਵਿਚੋਂ ਲਹਿਰਾ ਮੁਹੱਬਤ ਪਲਾਂਟ ਵਿੱਚ ਰੋਜ਼ਾਨਾ 12.6 ਮੀਟ੍ਰਿਕ ਟਨ ਕੋਲੇ ਦੀ ਲੋੜ ਹੁੰਦੀ ਹੈ। ਜਾਣਕਾਰੀ ਅਨੁਸਾਰ ਇਸ ਵਾਰ ਸਾਢੇ 4 ਦਿਨ ਦਾ ਕੋਲਾ ਹੀ ਬਚਿਆ ਹੈ।ਰੋਪੜ ਪਲਾਂਟ ਵਿੱਚ ਰੋਜ਼ਾਨਾ 11.8 ਮੀਟ੍ਰਿਕ ਟਨ ਕੋਲੇ ਦੀ ਲੋੜ ਹੈ ਪਰ ਇੱਥੇ ਸਿਰਫ਼ 5 ਦਿਨ ਦਾ ਕੋਲਾ ਹੀ ਬਚਿਆ ਹੈ।ਜੇਕਰ ਹੋਰ ਕੋਲਾ ਨਾ ਆਇਆ ਤਾਂ ਬੰਦ ਹੋ ਸਕਦਾ ਹੈ। ਜੀਵੀਕੇ ਪਲਾਂਟ ਵਿਚ ਰੋਜਾਨਾ 7.8 ਮੀਟ੍ਰਿਕ ਟਨ ਕੋਲਾ ਚਾਹੀਦਾ ਹੈ, ਪਰ ਇਥੇ ਹੁਣ ਸਾਢੇ 7 ਦਿਨ ਦਾ ਕੋਲਾ ਮੋਜੂਦ ਹੈ। ਜੇਕਰ ਪਲਾਂਟ ਬੰਦ ਹੁੰਦੇ ਹਨ ਤਾਂ ਪੰਜਾਬ ਵਿੱਚ ਬਿਜਲੀ ਦਾ ਸੰਕਟ ਮੁੜ ਪੈਦਾ ਹੋ ਜਾਵੇਗਾ। ਇਨ੍ਹਾਂ ਤੋਂ ਇਲਾਵਾ ਤਲਵੰਡੀ ਸਾਬੋ ਵਿਖੇ ਸਾਰੇ ਯੂਨਿਟ ਚੱਲਣ ਲਈ 27.3 ਮੀਟ੍ਰਿਕ ਟਨ ਕੋਲਾ ਚਾਹੀਦਾ ਹੈ ਅਤੇ ਇੱਥੇ ਵੀ 2.7 ਦਿਨ ਦਾ ਕੋਲਾ ਹੀ ਬਚਿਆ ਹੈ। ਰਾਜਪੁਰਾ ਸਥਿਤ ਨਾਭਾ ਪਾਵਰ ਪਲਾਂਟ ਵਿਚ ਰੋਜ 16.1 ਮੀਟ੍ਰਿਕ ਟਨ ਕੋਲੇ ਦੀ ਲੋੜੀ ਹੈ ਇਥੇ 27.7 ਦਿਨ ਦਾ ਕੋਲਾ ਮੋਜੂਦ ਹੈ।ਜੇਕਰ ਪੰਜਾਬ ਦੇ ਚਾਰ ਥਰਮਲ ਬੰਦ ਹੁੰਦੇ ਹਨ ਤਾਂ ਫਿਰ ਬੱਤੀ ਗੁੱਲ ਹੋਣੀ ਸੁਭਾਵਿਕ ਹੀ ਹੈ। 

ਰਿਪੋਰਟ-ਗਗਨਦੀਪ ਅਹੂਜਾ 

Related Post