Punjab Floods : ਪਾਣੀ ਘਟਣ ਤੋਂ ਬਾਅਦ ਵਧ ਸਕਦਾ ਹੈ ਬਿਮਾਰੀਆਂ ਦਾ ਖ਼ਤਰਾ, ਬਚਾਅ ਲਈ ਅਪਣਾਓ ਇਹ ਸਾਵਧਾਨੀਆਂ

Punjab Floods Disease Alert : ਡਾ. ਧਵਨ ਨੇ ਕਿਹਾ ਕਿ ਹੜ੍ਹ ਦਾ ਪਾਣੀ ਗੰਦਲਾ ਹੁੰਦਾ ਹੈ ਅਤੇ ਇਸ ਕਰਕੇ ਕੀੜੇ-ਮਕੌੜੇ, ਸੱਪ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਇਨ੍ਹਾਂ ਵਿੱਚ ਉਲਟੀ-ਦਸਤ, ਹੈਜ਼ਾ, ਪੀਲੀਆ, ਡਾਇਰੀਆ, ਡੀਸੈਂਟਰੀ ਅਤੇ ਚਮੜੀ ਦੀਆਂ ਬਿਮਾਰੀਆਂ ਮੁੱਖ ਹਨ।

By  KRISHAN KUMAR SHARMA September 1st 2025 04:44 PM -- Updated: September 1st 2025 04:47 PM

Punjab Floods Disease Alert : ਅੰਮ੍ਰਿਤਸਰ ਦੇ ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸਾਲ ਆਈ ਹੜ੍ਹ ਨੇ ਸਾਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ਵਿੱਚ ਅੰਮ੍ਰਿਤਸਰ ਵੀ ਸ਼ਾਮਲ ਹੈ। ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨੀ ਹੈ ਅਤੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣਾ ਹੈ।

ਡਾ. ਧਵਨ ਨੇ ਦੱਸਿਆ ਕਿ ਡੀਸੀ ਸਾਹਿਬ ਖ਼ੁਦ ਮੋਰਚਾ ਸੰਭਾਲ ਕੇ ਟੀਮਾਂ ਦੀ ਅਗਵਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਵੀ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੜ੍ਹ ਦਾ ਪਾਣੀ ਗੰਦਲਾ ਹੁੰਦਾ ਹੈ ਅਤੇ ਇਸ ਕਰਕੇ ਕੀੜੇ-ਮਕੌੜੇ, ਸੱਪ ਅਤੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ। ਇਨ੍ਹਾਂ ਵਿੱਚ ਉਲਟੀ-ਦਸਤ, ਹੈਜ਼ਾ, ਪੀਲੀਆ, ਡਾਇਰੀਆ, ਡੀਸੈਂਟਰੀ ਅਤੇ ਚਮੜੀ ਦੀਆਂ ਬਿਮਾਰੀਆਂ ਮੁੱਖ ਹਨ।

ਸਿਵਲ ਸਰਜਨ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕਤਾ ਅਤੇ ਸਾਵਧਾਨੀਆਂ ਬਰਤਣੀਆਂ ਜ਼ਰੂਰੀ ਹਨ। ਉਨ੍ਹਾਂ ਨੇ ਸਲਾਹ ਦਿੱਤੀ ਕਿ ਗੰਦਲੇ ਪਾਣੀ ਨਾਲ ਸੰਪਰਕ ਘੱਟ ਤੋਂ ਘੱਟ ਕਰੋ। ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਵਾਲੀਆਂ ਗੋਲੀਆਂ ਨਾਲ ਸਾਫ਼ ਕੀਤਾ ਪਾਣੀ ਹੀ ਪੀਓ। ਬਾਹਰ ਦਾ ਖਾਣਾ ਨਾ ਖਾਓ, ਘਰ ਦਾ ਸਾਦਾ ਭੋਜਨ ਹੀ ਕਰੋ। ਹੱਥ-ਪੈਰ ਚੰਗੀ ਤਰ੍ਹਾਂ ਧੋਵੋ ਅਤੇ ਸਫਾਈ ਰੱਖੋ। ਜੇ ਕਿਸੇ ਨੂੰ ਕੀੜਾ, ਮਕੌੜਾ ਜਾਂ ਸੱਪ ਕੱਟ ਲਵੇ ਤਾਂ ਘਰੇਲੂ ਨੁਸਖ਼ੇ ਨਾ ਅਪਣਾਓ, ਤੁਰੰਤ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰੋ।

ਉਨ੍ਹਾਂ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿੱਚ 35 ਮੈਡੀਕਲ ਟੀਮਾਂ ਸਰਗਰਮ ਹਨ, ਜਦੋਂ ਕਿ ਡੀਸੀ ਦੇ ਹੁਕਮ ਅਨੁਸਾਰ 15-16 ਹੋਰ ਟੀਮਾਂ ਵੀ ਵਧਾਈਆਂ ਜਾਣਗੀਆਂ। ਇਨ੍ਹਾਂ ਟੀਮਾਂ ਕੋਲ ਸਾਰੀਆਂ ਜ਼ਰੂਰੀ ਦਵਾਈਆਂ, ਐਂਟੀ-ਸਨੈਕ ਵੈਨਮ, ਇੰਜੈਕਸ਼ਨ, ਬੈਂਡੇਜ ਅਤੇ ਮੱਛਰਾਂ ਤੋਂ ਬਚਾਅ ਦੀਆਂ ਦਵਾਈਆਂ ਪੂਰੀ ਤਰ੍ਹਾਂ ਉਪਲਬਧ ਹਨ।

ਡਾ. ਧਵਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੁੱਲ੍ਹੇ ਦਿਲ ਨਾਲ ਦਵਾਈਆਂ ਅਤੇ ਸਰੋਤਾਂ ਦੀ ਸਪਲਾਈ ਕੀਤੀ ਗਈ ਹੈ। ਫ਼ਿਲਹਾਲ ਕਿਸੇ ਤਰ੍ਹਾਂ ਦੀ ਮਹਾਂਮਾਰੀ ਦਾ ਖ਼ਤਰਾ ਨਹੀਂ ਹੈ, ਪਰ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਦਾ ਫੈਲਣਾ ਕੁਦਰਤੀ ਗੱਲ ਹੈ। ਉਨ੍ਹਾਂ ਨੇ ਆਸ ਜਤਾਈ ਕਿ ਪਰਮਾਤਮਾ ਦੀ ਕਿਰਪਾ ਨਾਲ ਜਲਦੀ ਹੀ ਸਥਿਤੀ ’ਤੇ ਕਾਬੂ ਪਾ ਲਿਆ ਜਾਵੇਗਾ।

Related Post