ਬ੍ਰਿਕਸ ਸੰਮੇਲਨ ਚ ਪ੍ਰਧਾਨ ਮੰਤਰੀ ਮੋਦੀ ਦਾ ਤਿਰੰਗੇ ਪ੍ਰਤੀ ਸਨਮਾਨ; ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ
PM Modi At BRICS: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ (Brics Summit) ਲਈ ਦੱਖਣੀ ਅਫਰੀਕਾ ਦੇ ਜੋਹਾਨਸਬਰਗ ਵਿੱਚ ਹਨ। ਇਸ ਦੌਰਾਨ ਉਨ੍ਹਾਂ ਨੇ ਕੁਝ ਅਜਿਹਾ ਕੀਤਾ ਕਿ ਹਰ ਪਾਸੇ ਉਨ੍ਹਾਂ ਦੀ ਤਾਰੀਫ ਹੋ ਰਹੀ ਹੈ। ਘਟਨਾ ਬਾਰੇ ਦੱਸ ਦੇਈਏ ਕਿ ਜਦੋਂ ਕਈ ਦੇਸ਼ਾਂ ਦੇ ਮੁਖੀਆਂ ਨੂੰ ਸਟੇਜ 'ਤੇ ਬੁਲਾਇਆ ਜਾ ਰਿਹਾ ਸੀ ਅਤੇ ਉਨ੍ਹਾਂ ਨੂੰ ਆਪਣੀ ਥਾਂ 'ਤੇ ਖੜ੍ਹੇ ਹੋਣ ਲਈ ਕਿਹਾ ਗਿਆ ਤਾਂ ਪੀ.ਐਮ. ਮੋਦੀ ਦੀ ਨਜ਼ਰ ਉਸ ਫਰਸ਼ 'ਤੇ ਪਈ ਜਿੱਥੇ ਭਾਰਤ ਦਾ ਝੰਡਾ ਲਗਾਇਆ ਗਿਆ ਸੀ। ਇਹ ਦੇਖ ਕੇ ਉਨ੍ਹਾਂ ਝੁਕ ਕੇ ਤਿਰੰਗਾ ਚੁੱਕ ਲਿਆ। ਤਿਰੰਗੇ ਨੂੰ ਚੁੱਕ ਕੇ ਉਨ੍ਹਾਂ ਨੇ ਆਪਣੀ ਜੇਬ ਵਿੱਚ ਰੱਖ ਲਿਆ ਅਤੇ ਮੁਸਕੁਰਾਦਿਆਂ ਹੋਇਆਂ ਵਾਲੰਟੀਅਰ ਨੂੰ ਝੰਡਾ ਦੇਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਪੀ.ਐਮ. ਮੋਦੀ ਨੇ ਤਿਰੰਗਾ ਫਰਸ਼ ਤੋਂ ਚੁੱਕਿਆ ਤਾਂ ਉਨ੍ਹਾਂ ਨੂੰ ਦੇਖ ਕੇ ਉਨ੍ਹਾਂ ਦੇ ਨਾਲ ਮੌਜੂਦ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਵੀ ਆਪਣੇ ਦੇਸ਼ ਦਾ ਝੰਡਾ ਚੁੱਕਣ ਲਈ ਝੁਕ ਗਏ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਦੇ ਨਾਲ ਮੌਜੂਦ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨੇ ਆਪਣੇ ਦੇਸ਼ ਦੇ ਝੰਡੇ 'ਤੇ ਪੈਰ ਰੱਖਿਆ ਹੋਇਆ ਸੀ। ਇਹ ਵੀਡੀਓ ਤੁਰੰਤ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ। ਇਸ ਘਟਨਾ ਤੋਂ ਬਾਅਦ ਜਦੋਂ ਵਲੰਟੀਅਰ ਨੇ ਪੀ.ਐਮ. ਮੋਦੀ ਤੋਂ ਤਿਰੰਗਾ ਝੰਡਾ ਮੰਗਿਆ ਤਾਂ ਉਨ੍ਹਾਂ ਨੇ ਮੁਸਕੁਰਾਦਿਆਂ ਹੋਇਆਂ ਝੰਡਾ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਖੁਦ ਹੀ ਸੰਭਾਲ ਲਿਆ। ਇਸ ਦੇ ਨਾਲ ਹੀ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੇ ਵਲੰਟੀਅਰ ਨੂੰ ਝੰਡਾ ਦੇ ਦਿੱਤਾ।
Bricks ਨੇਤਾ ਰਿਟਰੀਟ ਵਿੱਚ ਹੋਏ ਸ਼ਾਮਲ
ਪੀ.ਐਮ. ਮੋਦੀ ਨੇ ਮੰਗਲਵਾਰ ਨੂੰ ਦੱਖਣੀ ਅਫ਼ਰੀਕਾ ਵਿੱਚ 'ਬ੍ਰਿਕਸ ਲੀਡਰਜ਼ ਰੀਟਰੀਟ' (Bricks Leaders Retreat) ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜ ਦੇਸ਼ਾਂ ਦੇ ਸਮੂਹ ਦੇ ਹੋਰ ਨੇਤਾਵਾਂ ਨਾਲ ਪ੍ਰਮੁੱਖ ਗਲੋਬਲ ਵਿਕਾਸ ਅਤੇ ਅੰਤਰਰਾਸ਼ਟਰੀ ਚੁਣੌਤੀਆਂ ਦੇ ਹੱਲ ਲੱਭਣ ਲਈ ਬ੍ਰਿਕਸ ਪਲੇਟਫਾਰਮ ਦਾ ਲਾਭ ਉਠਾਉਣ 'ਤੇ ਚਰਚਾ ਕੀਤੀ। ਮੋਦੀ ਦੱਖਣੀ ਅਫ਼ਰੀਕਾ ਅਤੇ ਗ੍ਰੀਸ ਦੇ ਚਾਰ ਦਿਨਾਂ ਦੌਰੇ 'ਤੇ ਮੰਗਲਵਾਰ ਨੂੰ ਜੋਹਾਨਸਬਰਗ ਪਹੁੰਚੇ ਹਨ। ਜੋਹਾਨਸਬਰਗ ਵਿੱਚ ਉਹ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਮਾਤਮੇਲਾ ਸਿਰਿਲ ਰਾਮਾਫੋਸਾ ਦੇ ਸੱਦੇ 'ਤੇ 22 ਤੋਂ 24 ਅਗਸਤ ਤੱਕ ਹੋਣ ਵਾਲੇ 15ਵੇਂ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਵਿੱਚ ਸ਼ਿਰਕਤ ਕਰ ਰਹੇ ਹਨ।
ਬ੍ਰਿਕਸ ਦੇ ਵਿਸਤਾਰ 'ਤੇ ਸਹਿਮਤ ਭਾਰਤ
15ਵੇਂ ਬ੍ਰਿਕਸ ਸੰਮੇਲਨ ਦੇ ਸੈਸ਼ਨ ਵਿੱਚ ਬੋਲਦਿਆਂ ਪੀ.ਐਮ. ਮੋਦੀ ਨੇ ਕਿਹਾ, "ਭਾਰਤ ਬ੍ਰਿਕਸ ਮੈਂਬਰਸ਼ਿਪ ਦੇ ਵਿਸਥਾਰ ਦਾ ਪੂਰਾ ਸਮਰਥਨ ਕਰਦਾ ਹੈ। ਸਹਿਮਤੀ ਨਾਲ ਅੱਗੇ ਵਧਣ ਲਈ ਇਸਦਾ ਸਵਾਗਤ ਕਰਦਾ ਹੈ।" ਇਸ ਦੌਰਾਨ ਪੀ.ਐਮ. ਮੋਦੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿੱਚ ਬ੍ਰਿਕਸ ਦੀ ਲੰਬੀ ਅਤੇ ਸ਼ਾਨਦਾਰ ਯਾਤਰਾ ਸ਼ੁਰੂ ਹੋਈ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਦਾ ਨਵਾਂ ਵਿਕਾਸ ਬੈਂਕ ‘ਗਲੋਬਲ ਸਾਊਥ’ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਰੇਲਵੇ ਖੋਜ ਨੈੱਟਵਰਕ; MSMEs, ਸਟਾਰਟ-ਅੱਪਸ ਵਿਚਕਾਰ ਸਹਿਯੋਗ ਦੇ ਖੇਤਰਾਂ ਵਿੱਚ ਭਾਰਤ ਦੁਆਰਾ ਸੁਝਾਏ ਗਏ ਉਪਾਵਾਂ 'ਤੇ ਮਹੱਤਵਪੂਰਨ ਪ੍ਰਗਤੀ ਹੋਈ ਹੈ।
ਬ੍ਰਿਕਸ ਕੀ ਹੈ ਅਤੇ ਕੀ ਕਰਦਾ ਹੈ
ਬ੍ਰਿਕਸ ਪੰਜ ਵਿਕਾਸਸ਼ੀਲ ਦੇਸ਼ਾਂ ਦਾ ਸਮੂਹ ਹੈ ਜੋ ਦੁਨੀਆ ਦੀ 41 ਫੀਸਦੀ ਆਬਾਦੀ, 24 ਫੀਸਦੀ ਗਲੋਬਲ ਜੀ.ਡੀ.ਪੀ. ਅਤੇ 16 ਫੀਸਦੀ ਗਲੋਬਲ ਵਪਾਰ ਨੂੰ ਦਰਸਾਉਂਦਾ ਹੈ। ਹੁਣ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਵਿੱਚ ਸ਼ਾਮਲ ਹੋਣ ਲਈ ਦਿਲਚਸਪੀ ਦਿਖਾਈ ਹੈ। ਬ੍ਰਿਕਸ ਦਾ ਵਿਸਤਾਰ ਸੰਮੇਲਨ ਦਾ ਮਹੱਤਵਪੂਰਨ ਏਜੰਡਾ ਹੈ। ਕਰੀਬ 40 ਦੇਸ਼ਾਂ ਨੇ ਗਰੁੱਪ ਦੀ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ। ਗਰੁੱਪ ਦਾ ਆਖਰੀ ਵਾਰ 2010 ਵਿੱਚ ਵਿਸਥਾਰ ਕੀਤਾ ਗਿਆ ਸੀ। ਦੱਖਣੀ ਅਫ਼ਰੀਕਾ ਫਿਰ ਆਰਥਿਕ ਤਾਕਤ ਅਤੇ ਆਬਾਦੀ ਦੇ ਲਿਹਾਜ਼ ਨਾਲ ਇਸ ਸਮੂਹ ਦਾ ਸਭ ਤੋਂ ਛੋਟਾ ਮੈਂਬਰ ਬਣ ਗਿਆ। ਉਦੋਂ ਤੋਂ ਇਸ ਸਮੂਹ ਨੂੰ ਬ੍ਰਿਕਸ ਵਜੋਂ ਜਾਣਿਆ ਜਾਣ ਲੱਗਾ।