ਪੂਟਾ ਦੇ ਸੱਦੇ 'ਤੇ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਖ਼ਿਲਾਫ਼ ਰੋਸ ਮਾਰਚ

ਪੂਟਾ ਦੇ ਸੱਦੇ 'ਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਕਰਕੇ ਪੂਰੀ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਦੇ ਤਾਨਾਸ਼ਾਹੀ ਰਵਈਏ ਖ਼ਿਲਾਫ਼ ਇਹ ਰੋਸ ਮੁਜ਼ਾਹਰਾ ਕੱਢਿਆ ਜਾ ਰਿਹਾ ਹੈ।

By  Jasmeet Singh January 19th 2023 02:50 PM -- Updated: January 20th 2023 11:59 AM

ਪਟਿਆਲਾ, 19 ਜਨਵਰੀ (ਗਗਨਦੀਪ ਸਿੰਘ ਅਹੂਜਾ): ਪੂਟਾ ਦੇ ਸੱਦੇ 'ਤੇ ਅੱਜ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਤੋਂ ਸ਼ੁਰੂ ਕਰਕੇ ਪੂਰੀ ਯੂਨੀਵਰਸਿਟੀ ਵਿੱਚ ਰੋਸ ਮਾਰਚ ਕੱਢਿਆ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਅਰਵਿੰਦ ਦੇ ਤਾਨਾਸ਼ਾਹੀ ਰਵਈਏ ਖ਼ਿਲਾਫ਼ ਇਹ ਰੋਸ ਮੁਜ਼ਾਹਰਾ ਕੱਢਿਆ ਜਾ ਰਿਹਾ ਹੈ। 


ਇਹ ਰੋਸ ਮਾਰਚ ਅਧਿਆਪਕਾਂ ਦੀਆਂ ਦੋ ਮਹੀਨਿਆਂ ਤੋਂ ਬਕਾਇਆ ਤਨਖਾਹਾਂ, ਪੈਨਸ਼ਨਾਂ, ਲੰਮੇ ਸਮੇਂ ਤੋਂ ਲਟਕਦੀਆਂ ਤਰੱਕੀਆਂ ਅਤੇ ਹੋਰ ਅਧਿਆਪਕਾਂ ਨਾਲ ਸਬੰਧਤ ਮੰਗਾਂ ਪ੍ਰਤੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਵਾਈਸ ਚਾਂਸਲਰ ਦੇ ਨਾਂਹ-ਪੱਖੀ ਰਵਈਏ ਕਾਰਨ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਵਾਈਸ ਚਾਂਸਲਰ, ਯੂਨੀਵਰਸਿਟੀ ਪ੍ਰਸ਼ਾਸਨ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਮੌਕੇ ਸੀਨੀਅਰ ਪ੍ਰੋਫੈਸਰ ਡਾ. ਪੁਸ਼ਪਿੰਦਰ ਸਿੰਘ ਗਿੱਲ ਅਤੇ ਵੱਖ ਵੱਖ ਪ੍ਰੋਫੈਸਰਾਂ ਨੇ ਵਾਈਸ-ਚਾਂਸਲਰ ਦੀ ਤਾਨਾਸ਼ਾਹੀ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਪੂਟਾ ਵੱਲੋਂ ਵਾਈਸ ਚਾਂਸਲਰ ਨੂੰ ਅਧਿਆਪਕਾਂ ਦੀਆਂ ਮੰਗਾਂ ਪ੍ਰਤੀ ਦੋ ਵਾਰ ਮੰਗ ਪੱਤਰ ਦਿੱਤੇ ਜਾ ਚੁੱਕੇ ਹਨ। ਪਰ ਵਾਈਸ-ਚਾਂਸਲਰ ਦਾ ਅਧਿਆਪਕਾਂ ਨੂੰ ਲੈ ਅੜੀਅਲ ਰਵਈਆ ਬਿਲਕੁਲ ਵੀ ਬਦਲ ਨਹੀਂ ਰਿਹਾ ਅਤੇ ਵਾਈਸ ਚਾਂਸਲਰ ਅਧਿਆਪਕਾਂ ਦੀ ਹਰ ਜਾਇਜ਼ ਮੰਗ ਨੂੰ ਲੈ ਕੇ ਅੜੀਕਾ ਲਗਾ ਰਹੇ ਹਨ।  


ਇਸ ਮੌਕੇ ਪੂਟਾ ਪ੍ਰਧਾਨ ਡਾਕਟਰ ਨਿਸ਼ਾਨ ਸਿੰਘ ਦਿਓਲ ਨੇ ਕਿਹਾ ਕਿ ਵਾਈਸ-ਚਾਂਸਲਰ ਵੱਲੋਂ ਕਿਸੇ ਵੀ ਅਧਿਆਪਕ ਨਾਲ ਕਿਸੇ ਵੀ ਪ੍ਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


ਉਨ੍ਹਾਂ ਕਿਹਾ ਕਿ ਅਧਿਆਪਕ ਅਤੇ ਯੂਨੀਵਰਸਿਟੀ ਨੂੰ ਬਚਾਉਣ ਲਈ ਇਕੱਠੇ ਹੋ ਕੇ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਾਈਸ-ਚਾਂਸਲਰ ਅਤੇ ਤਾਨਾਸ਼ਾਹੀ ਕਾਰਵਾਈ ਨੂੰ ਲੈ ਕੇ ਸਮੂਹ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਲਗਾਤਾਰ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ।

Related Post