ਅਦਾਰਾ ਪੀ.ਟੀ.ਸੀ. ਵੱਲੋਂ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਪੱਤਰ

By  Jasmeet Singh June 28th 2023 04:32 PM -- Updated: June 28th 2023 04:35 PM

PTC News Desk: ਅਦਾਰਾ ਪੀ.ਟੀ.ਸੀ. ਵੱਲੋਂ ਅੱਜ ਮਿੱਤੀ 28 ਜੂਨ 2023 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਇੱਕ ਬੇਨਤੀ ਪੱਤਰ ਦਿੱਤਾ ਗਿਆ ਹੈ, ਜਿਸ ਵਿੱਚ ਜੱਥੇਦਾਰ ਸਾਹਿਬ ਜੀ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਬੀਤੇ ਲੰਮੇ ਸਮੇਂ ਤੋਂ ਵੱਖ-ਵੱਖ ਮੀਡੀਆ ਅਦਾਰਿਆਂ ਅਤੇ ਯੂ-ਟਿਊਬ ਚੈਨਲਾਂ ਵੱਲੋਂ ਕੀਤੀ ਜਾਂਦੀ ਗੁਰਬਾਣੀ ਪ੍ਰਸਾਰਣ ਦੌਰਾਨ ਸੰਗਤ ਤੋਂ ਮਾਇਆ ਮੰਗਣ ਅਤੇ ਇਸ਼ਤਿਹਾਰਾਂ ਦੇ ਜ਼ਰੀਏ ਮੁਨਾਫ਼ਾ ਕਮਾਉਣ ਸਬੰਧੀ ਕਈ ਮਾਮਲੇ ਸਾਹਮਣੇ ਆਏ ਨੇ, ਤੇ ਇਨ੍ਹਾਂ ਖ਼ਿਲਾਫ਼ ਕਿਸੇ ਨੇ ਕਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਹੈ। ਅਦਾਰਾ ਪੀ.ਟੀ.ਸੀ. ਨੇ ਇਸ ਤੋਂ ਪਹਿਲਾਂ ਵੀ ਸਾਲ 2020 ਵਿੱਚ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇਹ ਬੇਨਤੀ ਪੱਤਰ ਦਿੱਤਾ ਸੀ ਪਰ ਉਸ ‘ਤੇ ਵੀ ਕੋਈ ਕਾਰਵਾਈ ਨਹੀਂ ਹੋਈ, ਇਸ ਬਾਰੇ ਗਿਆਨੀ ਰਘਬੀਰ ਸਿੰਘ ਜੀ ਨੂੰ ਜਾਣੂ ਕਰਵਾਇਆ ਗਿਆ ਹੈ। ਨਾਲ ਹੀ ਜੱਥੇਦਾਰ ਸਾਹਿਬ ਕੋਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਇਨ੍ਹਾਂ ਚੈਨਲਾਂ ਵੱਲੋਂ ਸੰਗਤ ਅਤੇ ਇਸ਼ਤਿਹਾਰਾਂ ਜ਼ਰੀਏ ਕੀਤੀ ਗਈ ਕਮਾਈ ਨੂੰ ਤੁਰੰਤ ਗੁਰੂ ਦੀ ਗੋਲਕ ਵਿੱਚ ਪਵਾਇਆ ਜਾਵੇ। ਗੁਰਬਾਣੀ ਪ੍ਰਸਾਰਣ ਦੌਰਾਨ ਵਰਤੀਆਂ ਜਾਂਦੀਆਂ ਅਣਗਹਿਲੀਆਂ ਜਿੱਥੇ ਸਿੱਖ ਮਰਿਆਦਾ ਦੇ ਖ਼ਿਲਾਫ਼ ਨੇ, ਉੱਥੇ ਹੀ ਕਈ ਵਾਰ ਗੁਰਬਾਣੀ ਪ੍ਰਸਾਰਣ ਦੀ ਵਰਤੋਂ ਕਰਦਿਆਂ ਸੋਸ਼ਲ ਮੀਡੀਆ 'ਤੇ ਅਸ਼ਲੀਲ ਸਾਮਗਰੀ ਨੂੰ ਵੀ ਵਧਾਵਾ ਦਿੱਤਾ ਜਾਂਦ ਹੈ। ਜੋ ਕਿ ਅਤਿ ਨਿੰਦਣਯੋਗ ਹੈ ਪਰ ਅਫ਼ਸੋਸ ਹੁਣ ਤੱਕ ਇਸ ਉੱਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਹੈ।

   
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪ੍ਰਸਾਰਣ ਦੀਆਂ ਅਨੇਕਾਂ ਤੰਗੀਆਂ ਅਤੇ ਮੁਸ਼ਕਲਾਂ ਨੂੰ ਸਹਿੰਦਿਆਂ ਅਦਾਰਾ ਪੀ.ਟੀ.ਸੀ. ਨੈੱਟਵਰਕ ਨੇ ਗੁਰਬਾਣੀ ਪ੍ਰਸਾਰਣ ਦੀਆਂ ਸੇਵਾਵਾਂ ਪੂਰੀ ਤਨਦੇਹੀ ਨਾਲ ਨਿਭਾਈਆਂ ਨੇ, ਤੇ ਕਦੇ ਵੀ ਇਸ ਸੇਵਾ ਬਦਲੇ ਕੁਝ ਨਹੀਂ ਹਾਸਿਲ ਕਰਨਾ ਚਾਹਿਆ। ਪਰ ਅਜੋਕੇ ਸੋਸ਼ਲ ਮੀਡੀਆ ਦੇ ਯੁੱਗ 'ਚ ਜਿੱਥੇ ਸਿੱਖ ਮਰਿਆਦਾ ਨੂੰ ਅਣਗੌਲਿਆ ਕਰ ਨਵੇਂ ਸੋਸ਼ਲ ਮੀਡੀਆ ਚੈੱਨਲ ਮਰਿਆਦਾ ਦੀ ਘੋਰ ਉਲੰਘਣਾ ਕਰ ਰਹੇ ਨੇ, ਇਹ ਸੱਚਮੁੱਚ ਹੀ ਇੱਕ ਚਿੰਤਾ ਦਾ ਵਿਸ਼ਾ ਹੈ।  ਕਾਬਿਲਗੌਰ ਹੈ ਕਿ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਤੋਂ ਪ੍ਰਸਾਰਿਤ ਹੋ ਰਹੀ ਗੁਰਬਾਣੀ ਦੇ ਉੱਪਰ ਮਸ਼ਹੂਰੀ ਅਤੇ ਸਪਾਂਸਰਸ਼ਿਪ ਚਲਾਈ ਜਾਂਦੀ ਹੈ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ ਤੋਂ ਗੁਰਬਾਈ ਪ੍ਰਸਾਰਣ 'ਤੇ ਸਪਾਂਸਰਸ਼ਿਪ ਅਤੇ ਦਾਨ ਵੀ ਮੰਗਿਆ ਜਾਂਦਾ ਹੈ। ਜਿਸਦੇ ਲਈ ਅਦਾਰਾ ਪੀ.ਟੀ.ਸੀ ਵੱਲੋਂ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਣੇ ਸਬੂਤਾਂ ਇਸ ਵਿਸ਼ੇ 'ਤੇ ਚਾਨਣਾ ਪਾਇਆ ਗਿਆ ਹੈ।   ਗੁਰਬਾਣੀ ਪ੍ਰਸਾਰਣ ਪ੍ਰਤੀ ਸਿੱਖ ਮਰਿਆਦਾ ਦੀਆਂ ਉਲੰਘਣਾ ਨੂੰ ਰੋਕਣ ਲਈ ਅਜੇ ਤੱਕ ਐਸ.ਜੀ.ਪੀ.ਸੀ. ਵੱਲੋਂ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਉਪਰਾਲਾ ਨਹੀਂ ਹੋਇਆ ਹੈ। ਅਦਾਰਾ ਪੀ.ਟੀ.ਸੀ. ਵੱਲੋਂ ਇਸ ਮਸਲੇ ਨੂੰ ਸੁਲਝਾਉਣ ਲਈ ਜੱਥੇਦਾਰ ਸਾਹਿਬ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ।

Related Post