Tarn Taran By-election : ਪੰਜਾਬ ਭਾਜਪਾ ਨੇ ਤਰਨਤਾਰਨ ਜ਼ਿਮਨੀ ਚੋਣ ਲਈ ਹਰਜੀਤ ਸਿੰਘ ਸੰਧੂ ਨੂੰ ਐਲਾਨਿਆ ਉਮੀਦਵਾਰ

Tarn Taran By-election : ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪੰਜਾਬ ਭਾਜਪਾ ਨੇ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ।

By  Shanker Badra August 14th 2025 07:53 PM -- Updated: August 14th 2025 08:21 PM

 Tarn Taran By-election :  ਭਾਰਤੀ ਜਨਤਾ ਪਾਰਟੀ ਨੇ ਤਰਨਤਾਰਨ ਵਿੱਚ ਹੋਣ ਵਾਲੀ ਵਿਧਾਨ ਸਭਾ ਜ਼ਿਮਨੀ ਚੋਣ ਲਈ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਪੰਜਾਬ ਭਾਜਪਾ ਨੇ ਇਸ ਸੀਟ ਤੋਂ ਹਰਜੀਤ ਸਿੰਘ ਸੰਧੂ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਹਰਜੀਤ ਸਿੰਘ  ਸੰਧੂ ਦੇ ਉਮੀਦਵਾਰ ਬਣਨ ਤੋਂ ਬਾਅਦ ਭਾਜਪਾ ਵਰਕਰਾਂ ਵਿੱਚ ਕਾਫ਼ੀ ਉਤਸ਼ਾਹ ਹੈ।  ਇਸ ਤੋਂ ਪਹਿਲਾਂ ਪੰਜਾਬ ਭਾਜਪਾ ਨੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਨੂੰ ਪਾਰਟੀ ਵੱਲੋਂ ਇੰਚਾਰਜ ਨਿਯੁਕਤ ਕੀਤਾ ਗਿਆ ਸੀ। ਜਦੋਂ ਕਿ ਸਾਬਕਾ ਸੀਪੀਏ ਕੇਡੀ ਭੰਡਾਰੀ ਅਤੇ ਸਾਬਕਾ ਵਿਧਾਇਕ ਰਵੀ ਕਰਨ ਸਿੰਘ ਕਾਹਲੋਂ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਸੀ।

ਸ਼੍ਰੋਮਣੀ ਅਕਾਲੀ ਦਲ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਐਲਾਨਿਆ ਉਮੀਦਵਾਰ  

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਪਾਰਟੀ ਉਮੀਦਵਾਰ ਐਲਾਨਿਆ ਹੈ। ਸੁਖਬੀਰ ਨੇ ਇਹ ਐਲਾਨ ਪਾਰਟੀ ਦੇ ਪਹਿਲੇ ਪ੍ਰਧਾਨ ਸਰਮੁੱਖ ਸਿੰਘ ਝਬਾਲ ਦੇ ਜੱਦੀ ਪਿੰਡ ਝਬਾਲ ਦੀ ਦਾਣਾ ਮੰਡੀ ’ਚ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ।

ਦੱਸ ਦੇਈਏ ਕਿ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਆਜ਼ਾਦ ਗਰੁੱਪ ਵੱਲੋਂ ਨਗਰ ਕੌਂਸਲ ਚੋਣਾਂ ਦੌਰਾਨ ਵੱਡੀ ਸ਼ਕਤੀ ਬਣ ਕੇ ਉੱਭਰੇ ਸਨ। ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਸ਼੍ਰੋਮਣੀ ਅਕਾਲੀ ਦਲ ਦੀ ਝਬਾਲ ਰੈਲੀ 'ਚ 43 ਮੌਜੂਦਾ ਸਰਪੰਚਾਂ, 8 ਕੌਂਸਲਰਾਂ ਤੇ ਦਰਜਨਾਂ ਸਾਬਕਾ ਸਰਪੰਚਾਂ ਤੇ ਚੇਅਰਮੈਨਾਂ ਸਮੇਤ ਪਾਰਟੀ ਵਿਚ ਸ਼ਾਮਲ ਹੋਏ ਸਨ। ਤਰਨਤਾਰਨ ਨਗਰ ਕੌਂਸਲ ਦੇ 25 ਵਾਰਡਾਂ ਵਿੱਚੋਂ 8 ਆਜ਼ਾਦ ਗਰੁੱਪ ਦੇ ਕੌਂਸਲਰ ਹਨ ਅਤੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਕਈ ਪੰਚਾਂ ਅਤੇ ਸਰਪੰਚਾਂ ਦਾ ਸਮਰਥਨ ਵੀ ਪ੍ਰਾਪਤ ਹੈ।

ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਤਰਨਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ 2 ਮਹੀਨੇ ਪਹਿਲਾਂ ਦੇਹਾਂਤ ਹੋ ਗਿਆ ਸੀ। ਉਹ ਕੈਂਸਰ ਤੋਂ ਪੀੜਤ ਸਨ। ਜਿਸ ਤੋਂ ਬਾਅਦ ਤਰਨਤਾਰਨ ਸੀਟ ਖਾਲੀ ਹੋ ਗਈ ਹੈ ਅਤੇ ਹੁਣ ਇੱਥੇ ਉਪ ਚੋਣਾਂ ਹੋਣੀਆਂ ਹਨ। 

Related Post