Amritsar News : ਪੰਜਾਬ ਸਰਕਾਰ ਜੰਗ ਦੌਰਾਨ ਜ਼ਖ਼ਮੀ ਹੋਣ ਵਾਲੇ ਵਿਅਕਤੀਆਂ ਦਾ ਮੁਫ਼ਤ ਇਲਾਜ ਕਰਵਾਏਗੀ : ਕੁਲਦੀਪ ਧਾਲੀਵਾਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਿੱਥੇ ਉਕਤ ਪੁਣਛ ਹਾਦਸੇ ਦੇ ਜ਼ਖਮੀਆਂ ਦਾ ਇਲਾਜ ਕਰਵਾਏਗੀ, ਉਥੇ ਭਾਰਤ -ਪਾਕਿਸਤਾਨ ਜੰਗ ਦੌਰਾਨ ਜ਼ਖਮੀ ਹੋਣ ਵਾਲੇ ਸਾਰੇ ਵਿਅਕਤੀਆਂ ਦਾ ਇਲਾਜ ਰਾਜ ਸਰਕਾਰ ਕਰਵਾਏਗੀ
Amritsar News : ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ਵਿੱਚ ਪਾਕਿਸਤਾਨੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਹਾਲ ਪੁੱਛਣ ਲਈ ਸਥਾਨਕ ਅਮਨਦੀਪ ਹਸਪਤਾਲ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਜਿੱਥੇ ਉਕਤ ਪੁਣਛ ਹਾਦਸੇ ਦੇ ਜ਼ਖਮੀਆਂ ਦਾ ਇਲਾਜ ਕਰਵਾਏਗੀ, ਉਥੇ ਭਾਰਤ -ਪਾਕਿਸਤਾਨ ਜੰਗ ਦੌਰਾਨ ਜ਼ਖਮੀ ਹੋਣ ਵਾਲੇ ਸਾਰੇ ਵਿਅਕਤੀਆਂ ਦਾ ਇਲਾਜ ਰਾਜ ਸਰਕਾਰ ਕਰਵਾਏਗੀ।
ਉਹਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਬੀਤੀ ਰਾਤ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਉੱਤੇ ਬਹੁਤ ਵੱਡੇ ਪੱਧਰ ਉੱਤੇ ਹਮਲੇ ਕੀਤੇ ਗਏ ਪਰ ਸਾਡੀ ਫੌਜ ਨੇ ਇਹਨਾਂ ਨੂੰ ਨਕਾਮ ਕਰ ਦਿੱਤਾ। ਉਹਨਾਂ ਕਿਹਾ ਕਿ ਇਹਨਾਂ ਬਹਾਦਰ ਫੌਜੀਆਂ ਨੂੰ ਮੇਰਾ ਸਲੂਟ ਹੈ, ਜਿਨਾਂ ਨੇ ਸਾਰੀ ਰਾਤ ਸਾਡੀ ਰੱਖਿਆ ਲਈ ਪਹਿਰਾ ਦਿੱਤਾ।
ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੀਆਂ ਲੋੜਾਂ ਅਨੁਸਾਰ ਦਿੱਤੇ ਗਏ ਹਰ ਨਿਰਦੇਸ਼ ਉੱਤੇ ਪਹਿਰਾ ਦੇਣ। ਉਹਨਾਂ ਕਿਹਾ ਕਿ ਜਦੋਂ ਬਲੈਕ ਆਊਟ ਦਾ ਆਰਡਰ ਹੁੰਦਾ ਹੈ ਤਾਂ ਆਪਣਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਘਰ ਦੇ ਬਾਹਰ ਦੀਆਂ ਲਾਈਟਾਂ ਬੰਦ ਕਰੀਏ, ਖਿੜਕੀਆਂ ਅੱਗੇ ਪਰਦੇ ਕਰੀਏ।
ਉਹਨਾਂ ਕਿਹਾ ਕਿ ਅਕਸਰ ਵੇਖਿਆ ਗਿਆ ਹੈ ਕਿ ਜਿੱਥੇ ਲਾਈਟ ਜਗ ਰਹੀ ਹੁੰਦੀ ਹੈ, ਦੁਸ਼ਮਣ ਉੱਥੇ ਨਿਸ਼ਾਨਾ ਲਗਾ ਦਿੰਦਾ ਹੈ। ਸੋ ਆਪਣੀ ਸੁਰੱਖਿਆ ਲਈ ਫੌਜ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਦਿੱਤੇ ਹੋਏ ਨਿਰਦੇਸ਼ਾਂ ਉੱਤੇ ਪਾਲਣਾ ਯਕੀਨੀ ਬਣਾਓ।