Tramadol Recovered : ਅੰਮ੍ਰਿਤਸਰ ਪੁਲਿਸ ਵੱਲੋਂ ਉਤਰਾਖੰਡ ਚ ਡਰੱਗ ਫਾਰਮਾ ਫਰਮ ਤੇ ਛਾਪੇਮਾਰੀ, 74465 ਟਰਾਮਾਡੋਲ ਗੋਲੀਆਂ ਸਮੇਤ 6 ਆਰੋਪੀ ਫੜੇ
Amritsar Police Recovered Tramadol : ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 74465 ਟਰਾਮਾਡੋਲ ਦੀਆਂ ਗੋਲੀਆਂ, 6 ਕਿਲੋ ਹੈਰੋਇਨ ਸਮੇਤ ਡਰੱਗ ਮਨੀ ਅਤੇ 50 ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ।
Punjab Police Tramadol Recovered : ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ‘ਚ ਇਕ ਵੱਡੀ ਕਾਮਯਾਬੀ ਹਾਸਲ ਹੋਈ ਹੈ। ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ 74465 ਟਰਾਮਾਡੋਲ ਦੀਆਂ ਗੋਲੀਆਂ, 6 ਕਿਲੋ ਹੈਰੋਇਨ ਸਮੇਤ ਡਰੱਗ ਮਨੀ ਅਤੇ 50 ਐਲਪਰ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਰਿਕਵਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 7 ਲੱਖ 70 ਹਜ਼ਾਰ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਹ ਸਾਰੀ ਕਾਰਵਾਈ ਪੂਰੇ ਤਰੀਕੇ ਨਾਲ ਪੇਸ਼ੇਵਰ ਜਾਂਚ ਦੇ ਜ਼ਰੀਏ ਕੀਤੀ ਗਈ ਜਿਸ 'ਚ ਅੰਮ੍ਰਿਤਸਰ ਤੋਂ ਲੈ ਕੇ ਉਤਰਾਖੰਡ ਤੱਕ ਦੇ ਅਲੱਗ-ਅਲੱਗ ਥਾਵਾਂ 'ਤੇ ਰੇਡ ਕੀਤੇ ਗਏ।
ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ (Amritsar Police) ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ ਅਜੇ ਤੱਕ ਕੁੱਲ 6 ਆਰੋਪੀ ਗ੍ਰਿਫਤਾਰ ਹੋਏ ਹਨ। 35 ਗੋਲੀਆਂ ਦੀ ਬਰਾਮਦਗੀ ਤੋਂ ਸ਼ੁਰੂ ਹੋਈ ਜਾਂਚ ਨੇ ਮੈਡੀਕਲ ਸਟੋਰਾਂ, ਸੇਲਜ਼ਮੈਨ ਤੇ ਫਾਰਮਾ ਕੰਪਨੀਆਂ (Uttrakhand Pharma Company) ਤੱਕ ਪਹੁੰਚ ਕਰ ਲਿਆ। ਪਹਿਲਾਂ ਰਵਿੰਦਰ ਨਿੱਕਾ, ਜਿਸ 'ਤੇ ਪਹਿਲਾਂ ਤੋਂ ਦੋ ਕੇਸ ਦਰਜ ਹਨ, ਨੂੰ ਫੜਿਆ ਗਿਆ। ਉਸ ਤੋਂ ਬਾਅਦ ਕੁਲਵਿੰਦਰ ਪਿੰਦਾ, ਜੋ ਕਿ ਕੱਥੂਨੰਗਲ (ਅੰਮ੍ਰਿਤਸਰ ਰੂਰਲ) ਵਿੱਚ ਮੈਡੀਕਲ ਸਟੋਰ ਚਲਾਉਂਦਾ ਹੈ, ਨੂੰ ਵੀ ਕਾਬੂ ਕੀਤਾ ਗਿਆ ਅਤੇ ਮਨੀਸ਼ ਅਰੋੜਾ, ਜੋ ਕਿ ਪਹਿਲਾਂ ਇੱਕ ਫਾਰਮਾ ਕੰਪਨੀ ਵਿੱਚ ਸੇਲਜ਼ਮੈਨ ਸੀ ਅਤੇ NDPS ਦੇ ਸੰਬੰਧਤ ਮਾਮਲੇ ਵਿੱਚ ਮੁਲਜ਼ਮ ਠਹਿਰ ਚੁੱਕਾ ਹੈ, ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਪੂਰਨ ਜਤਨ, ਜੋ ਕਿ 12–13 ਸਾਲ ਤੱਕ ਮੈਡੀਕਲ ਸਟੋਰ 'ਚ ਕੰਮ ਕਰ ਚੁੱਕਾ ਹੈ, ਨੂੰ ਵੀ ਫੜਿਆ ਗਿਆ।
ਉਨ੍ਹਾਂ ਦੱਸਿਆ ਕਿ ਸਾਰੇ ਸਬੂਤਾਂ ਦੇ ਅਧਾਰ 'ਤੇ ਉਤਰਾਖੰਡ ਦੇ ਰੁੜਕੀ, ਹਰਿਦੁਆਰ 'ਚ ਮੌਜੂਦ ਫਾਰਮਾ ਫਰਮ 'ਤੇ ਛਾਪੇਮਾਰੀ ਕੀਤੀ ਗਈ। ਇਹ ਛਾਪਾ 29 ਜੁਲਾਈ ਨੂੰ ਮਾਰਿਆ ਗਿਆ ਸੀ, ਜਿਸ ਵਿੱਚ ਪੰਜਾਬ ਦੇ ਡਰੱਗ ਇੰਸਪੈਕਟਰ ਸੁਖਦੀਪ ਸਿੰਘ, ਉਥੋਂ ਦੀ ਮੈਡਮ ਅਨੀਤਾ ਭਾਰਤੀ ਅਤੇ ਹਰੀ ਕਿਸ਼ੋਰ ਵੀ ਸ਼ਾਮਿਲ ਸਨ। ਜਾਂਚ ਦੌਰਾਨ ਕੰਪਨੀ ਦੇ ਮਾਲਕ ਵਿਕਰਮ ਸੈਨੀ ਅਤੇ ਮੈਨੇਜਰ ਹਰਿ ਕਿਸ਼ੋਰ ਤੋਂ ਜਦੋਂ ਸਟਾਕ ਰਜਿਸਟਰ, ਸਪਲਾਈ ਚੇਨ ਜਾਂ ਦਸਤਾਵੇਜ਼ਾਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਕਨੂੰਨੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਇਸ ਦੌਰਾਨ ਫਰਮ 'ਚੋਂ 3 ਕੁਇੰਟਲ 25 ਕਿਲੋ ਰਾਅ ਮਟੀਰੀਅਲ ਅਤੇ ਗੋਲੀਆਂ ਬਰਾਮਦ ਹੋਈਆਂ, ਜਿਨ੍ਹਾਂ ‘ਤੇ "Government Supply Only, Not For Sale" ਛਪਿਆ ਹੋਇਆ ਸੀ। ਪਰ ਉਸਦੇ ਬਾਵਜੂਦ ਇਹ ਗੋਲੀਆਂ ਅੰਮ੍ਰਿਤਸਰ ਸਮੇਤ ਹੋਰ ਥਾਵਾਂ ‘ਤੇ ਵੇਚੀਆਂ ਜਾਂ ਰਹੀਆਂ ਸਨ। ਉਨ੍ਹਾਂ ਵਲੋਂ ਮੋਹਰ ਗੁਮ ਹੋਣ ਦਾ ਬਹਾਨਾ ਬਣਾਇਆ ਗਿਆ।
ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਵੱਲੋਂ ਅੰਮ੍ਰਿਤਸਰ 'ਚ ਫੜੀਆਂ ਗੋਲੀਆਂ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਾ ਕਿ ਜਿਸ ਬੈਚ ਨੰਬਰ ਨਾਲ ਇਹ ਟਰਾਮਾਡੋਲ ਬਣਾਈ ਗਈ ਸੀ, ਉਹ ਰੀਕਾਲ ਲਾਈਫ ਸਾਇੰਸ ਰੁੜਕੀ ਨੂੰ ਸਪਲਾਈ ਹੋਣੀ ਸੀ ਪਰ ਉਸ ਬੈਚ ਦੀ ਮੈਨੂਫੈਕਚਰਿੰਗ ਕਿਸੇ ਦੂਜੀ ਕੰਪਨੀ - ਡਰਮ ਫਾਰਮਾਸਿਊਟਿਕਲ ਮੇਰਠ ਵੱਲੋਂ ਕੀਤੀ ਗਈ ਸੀ।
ਇਹ ਸਾਰੀ ਲੜੀ ਇੱਕ ਜਾਲਸਾਜ਼ੀ ਅਤੇ ਨਕਲੀ ਦਵਾਈਆਂ ਦੇ ਕਾਰੋਬਾਰ ਵੱਲ ਇਸ਼ਾਰਾ ਕਰਦੀ ਹੈ ਜਿਸਨੂੰ ਪੁਲਿਸ ਵੱਲੋਂ ਪੇਸ਼ੇਵਰ ਢੰਗ ਨਾਲ ਖੋਜ ਕੇ ਪਾਰਦਰਸ਼ਤਾ 'ਚ ਲਿਆ ਗਿਆ। ਇਸ ਕਾਰਵਾਈ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ, ਏਡੀਸੀਪੀ ਜਸਰੂਪ ਬਾਠ, ਏਸੀਪੀ ਸ਼ੀਤਲ, ਅਤੇ ਐਸਐਚਓ ਅਮਨਦੀਪ ਦੀ ਅਹੰਮ ਭੂਮਿਕਾ ਰਹੀ। ਇਹ ਸਾਰੀ ਜਾਂਚ ਅਤੇ ਕਾਮਯਾਬੀ ਪੁਲਿਸ ਦੀ ਲਗਾਤਾਰ ਮਿਹਨਤ ਅਤੇ ਡਿਡਿਕੇਸ਼ਨ ਦਾ ਨਤੀਜਾ ਹੈ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਲੋਕ ਹਾਲੇ ਰਿਮਾਂਡ ਤੇ ਹਨ, ਪਰ ਪੁਲਿਸ ਵੱਲੋਂ ਮਿਲੀ ਹੋਈ ਜਾਣਕਾਰੀ ਅਨੁਸਾਰ ਹੋਰ ਕਈ ਲਿੰਕ ਅਤੇ ਫਾਰਮਾਂ ਦੀ ਜਾਂਚ ਜਾਰੀ ਹੈ।