Weather: ਕੜਾਕੇ ਦੀ ਠੰਢ ਨੇ ਫੜਿਆ ਜ਼ੋਰ, ਧੁੰਦ ਦੀ ਚਾਦਰ ਚ ਲਿਪਟਿਆ ਪੰਜਾਬ

By  KRISHAN KUMAR SHARMA December 29th 2023 08:56 AM

Punjab Weather: ਉੱਤਰ ਭਾਰਤ ਵਿੱਚ ਕੜਾਕੇ ਦੀ ਠੰਢ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ। ਪਹਾੜਾਂ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ 'ਚ ਵੀ ਠੰਢ ਵਧ ਗਈ ਹੈ। ਸ਼ੁੱਕਰਵਾਰ ਸਵੇਰੇ ਜਿਥੇ ਦਿੱਲੀ ਐਨਸੀਆਰ ਵਿੱਚ ਧੁੰਦ ਛਾਈ ਹੋਈ ਸੀ, ਉਥੇ ਪੰਜਾਬ ਵੀ ਪੂਰੀ ਤਰ੍ਹਾਂ ਧੁੰਦ ਦੀ ਚਾਦਰ 'ਚ ਲਿਪਟਿਆ ਨਜ਼ਰ ਆਇਆ। ਵਧਦੀ ਠੰਡ ਅਤੇ ਧੁੰਦ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕੀ ਆਵਾਜਾਈ ਦੇ ਨਾਲ-ਨਾਲ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।

ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਨਾਮਾਤਰ ਰਹੀ। ਇਹ ਧੁੰਦ ਨਾ ਸਿਰਫ਼ ਹਾਦਸਿਆਂ ਦਾ ਕਾਰਨ ਬਣ ਰਹੀ ਹੈ ਸਗੋਂ ਆਵਾਜਾਈ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਧੁੰਦ ਕਾਰਨ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਬੁੱਧਵਾਰ ਸਵੇਰ ਤੋਂ ਹੀ ਠੰਢ ਦੇ ਵਿਚਕਾਰ ਸੰਘਣੀ ਧੁੰਦ ਛਾਈ ਹੋਈ ਸੀ।

ਅਗਲੇ ਦਿਨਾਂ 'ਚ ਇਹ ਰਹੇਗਾ ਪੰਜਾਬ ਦਾ ਮੌਸਮ

ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਧੁੰਦ ਛਾਈ ਰਹੇਗੀ। ਵਿਭਾਗ ਨੇ ਇਸ ਸਬੰਧੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ-ਚਾਰ ਦਿਨਾਂ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਦੀ ਚਿਤਾਵਨੀ ਦਿੱਤੀ ਹੈ। ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੋਰ ਹੇਠਾਂ ਆ ਸਕਦਾ ਹੈ। 11 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਮੋਗਾ, ਬਠਿੰਡਾ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਲਈ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਮਾਹਿਰਾਂ ਮੁਤਾਬਕ ਪੱਛਮੀ ਗੜਬੜੀ ਕਾਰਨ ਨਵੇਂ ਸਾਲ ਦਾ ਸਵਾਗਤ ਸੰਘਣੀ ਧੁੰਦ ਅਤੇ ਮੀਂਹ ਨਾਲ ਹੋ ਸਕਦਾ ਹੈ।

ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ‘ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਸੀਨੀਅਰ ਵਿਗਿਆਨੀ ਏ. ਸਿੰਘ ਨੇ ਦੱਸਿਆ ਕਿ ਆਉਣ ਵਾਲੇ ਚਾਰ-ਪੰਜ ਦਿਨਾਂ ਵਿੱਚ ਮੌਸਮ ਅਜਿਹਾ ਹੀ ਰਹਿਣ ਵਾਲਾ ਹੈ। ਖਾਸ ਤੌਰ ‘ਤੇ ਪੰਜਾਬ ਦੇ ਸਰਹੱਦੀ ਖੇਤਰ ਦੇ ਨਾਲ ਲੱਗਦੇ ਖੇਤਰਾਂ ਵਿੱਚ ਬਿਲਕੁਲ ਜ਼ੀਰੋ ਵਿਜ਼ੀਬਿਲਟੀ ਮਾਪੀ ਗਈ ਹੈ, ਇਸ ਲਈ ਉੱਥੇ ਪੂਰੀ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।

Related Post