ਧੀ ਨੂੰ ਕੈਨੇਡਾ ਮਿਲਣ ਗਏ ਵਿਅਕਤੀ ਨੇ ਪਤਨੀ ਦਾ ਕੀਤਾ ਕਤਲ, ਵੀਡੀਓ ਬਣਾ ਕੇ ਲੁਧਿਆਣੇ ਮਾਂ ਨੂੰ ਭੇਜੀ

By  KRISHAN KUMAR SHARMA March 18th 2024 04:12 PM

ਪੀਟੀਸੀ ਨਿਊਜ਼ ਡੈਸਕ: ਕੈਨੇਡਾ (Canada) ਤੋਂ ਬਹੁਤ ਹੀ ਮੰਦਭਾਗੀ ਖ਼ਬਰ ਹੈ। ਇਥੇ ਪੰਜਾਬ ਦੇ ਲੁਧਿਆਣਾ (Ludhiana Police) ਤੋਂ ਆਏ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਹੈ। ਮੁਲਜ਼ਮ ਇਥੇ ਹੀ ਨਹੀਂ ਰੁਕਿਆ ਅਤੇ ਰੂਹ ਕੰਬਾਊ ਘਟਨਾ ਦੀ ਵੀਡੀਓ ਬਣਾ ਕੇ ਲੁਧਿਆਣਾ 'ਚ ਰਹਿ ਰਹੀ ਆਪਣੀ ਮਾਂ ਨੂੰ ਵੀ ਭੇਜੀ। ਮ੍ਰਿਤਕਾ ਬਲਵਿੰਦਰ ਕੌਰ ਦੀ ਉਮਰ 41 ਸਾਲ ਸੀ। ਕੈਨੇਡਾ ਪੁਲਿਸ ਨੇ ਮੁਲਜ਼ਮ ਜਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਆਪਣੀ ਧੀ ਨੂੰ ਮਿਲਣ ਕੈਨੇਡਾ ਗਿਆ ਸੀ।

ਜਾਣਕਾਰੀ ਅਨੁਸਾਰ ਮ੍ਰਿਤਕਾ ਬਲਵਿੰਦਰ ਕੌਰ ਦਾ ਵਿਆਹ ਸਾਲ 2000 ਵਿੱਚ ਲੁਧਿਆਣਾ ਦੇ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਨਾਲ ਹੋਇਆ ਸੀ। ਦੋਵਾਂ ਦੇ ਦੋ ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ। ਕੁੜੀ ਹਰਨੂਰਪ੍ਰੀਤ ਕੌਰ ਨੂੰ ਪਰਿਵਾਰ ਨੇ 2020 'ਚ ਆਈਲਟਸ ਕਰਵਾਉਣ ਤੋਂ ਬਾਅਦ ਕੈਨੇਡਾ ਪੜ੍ਹਨ ਭੇਜਿਆ ਸੀ। ਇਸਤੋਂ ਬਾਅਦ 2022 ਵਿੱਚ ਬਲਵਿੰਦਰ ਕੌਰ ਵੀ ਆਪਣੀ ਕੁੜੀ ਕੋਲ ਕੈਨੇਡਾ ਚਲੀ ਗਈ, ਜਿਸ ਕਾਰਨ ਜਗਪ੍ਰੀਤ ਸਿੰਘ ਇਤਰਾਜ਼ ਕਰਦਾ ਸੀ ਕਿ ਉਸ ਨੂੰ ਕਿਉਂ ਨਹੀਂ ਕੈਨੇਡਾ ਸੱਦਿਆ ਗਿਆ। ਉਹ ਕੁੜੀ ਨੂੰ ਲਗਾਤਾਰ ਕੈਨੇਡਾ ਸੱਦਣ ਲਈ ਜਿੱਦ ਕਰਦਾ ਰਿਹਾ ਸੀ, ਜਿਸ 'ਤੇ ਹਰਨੂਰਪ੍ਰੀਤ ਨੇ ਆਪਣੇ ਪਿਤਾ ਨੂੰ ਵੀ 11 ਮਾਰਚ ਨੂੰ ਕੈਨੇਡਾ ਬੁਲਾ ਲਿਆ।

ਜਗਪ੍ਰੀਤ ਸਿੰਘ ਨੂੰ ਕੈਨੇਡਾ ਪਹੁੰਚੇ ਅਜੇ 5 ਦਿਨ ਹੀ ਹੋਏ ਸਨ ਕਿ ਆਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਉਪਰੰਤ ਮੁਲਜ਼ਮ ਨੇ ਵਾਰਦਾਤ ਦੀ ਵੀਡੀਓ ਬਣਾ ਕੇ ਲੁਧਿਆਣਾ 'ਚ ਆਪਣੀ ਮਾਂ ਨੂੰ ਵੀ ਭੇਜੀ। ਤਾਂ ਗੁਰਨੂਰ ਸਿੰਘ ਨੇ ਜਦੋਂ ਅਚਾਨਕ ਮੋਬਾਈਲ 'ਚ ਵਾਰਦਾਤ ਦੀ ਵੀਡੀਓ ਦੇਖੀ ਤਾਂ ਉਸ ਦੇ ਹੋਸ਼ ਉਡ ਗਏ ਅਤੇ ਆਪਣੇ ਨਾਨਕਿਆਂ ਨੂੰ ਦੱਸੀ।

ਉਧਰ, ਕੈਨੇਡਾ 'ਚ ਪੁਲਿਸ ਨੇ ਮੁਲਜ਼ਮ ਜਗਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਲਵਿੰਦਰ ਕੌਰ ਦੇ ਪੇਕੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਕੈਨੇਡਾ ਤੋਂ ਮ੍ਰਿਤਕ ਦੇਹ ਲਿਆਉਣ ਲਈ ਸਹਾਇਤਾ ਦੀ ਮੰਗ ਕੀਤੀ ਹੈ।

Related Post