ਪੰਜਾਬ ਦੀ ਕਾਨੂੰਨ ਵਿਵਸਥਾ ਰੱਬ ਭਰੋਸੇ ! ਬਿਕਰਮ ਸਿੰਘ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਕਿਹਾ- ਪੰਜਾਬ ’ਚ ਕੋਈ ਸਰਕਾਰ ਹੈ ਵੀ ਜਾਂ ਨਹੀਂ ?
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੰਭੂ ਨੇੜੇ ਰੇਲਵੇ ਟਰੈਕ 'ਤੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਘੇਰਿਆ।
ਰਾਜਪੁਰਾ ਸ਼ੰਭੂ ਰੇਲਵੇ ਟਰੈਕ ’ਤੇ ਹੋਏ ਧਮਾਕੇ ਮਗਰੋਂ ਪੰਜਾਬ ਭਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਹੈ। ਇਸ ਮਾਮਲੇ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਨਾਲ ਹੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਸ਼ੰਭੂ ਨੇੜੇ ਰੇਲਵੇ ਟਰੈਕ 'ਤੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਘੇਰਿਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ਼ੰਭੂ-ਅੰਬਾਲਾ ਰੇਲ ਟਰੈਕ ‘ਤੇ ਭਿਆਨਕ ਧਮਾਕਾ—ਪਟੜੀ ਤਬਾਹ, ਲਾਸ਼ ਦੇ ਚਿੱਥੜੇ, ਟ੍ਰੇਨਾਂ ਰੋਕਣੀਆਂ ਪਈਆਂ। ਇਸ ਤੋਂ ਪਹਿਲਾਂ ਸਰਹਿੰਦ ‘ਚ ਬਲਾਸਟ, ਕੱਲ੍ਹ ਗੁਰਦਾਸਪੁਰ ‘ਚ ਸ਼ੱਕੀ ਚੀਜ ਮਿਲੀ ਪੰਜਾਬ ਲਗਾਤਾਰ ਅਸੁਰੱਖਿਆ ਦੇ ਘੇਰੇ ‘ਚ ਹੈ।
ਉਨ੍ਹਾਂ ਨੇ ਪੰਜਾਬ ਦੇ ਸੀਐੱਮ ਨੂੰ ਘੇਰਦੇ ਹੋਏ ਕਿਹਾ ਕਿ ਜੋ ਸੂਬੇ ਦੇ ਹਾਲਾਤ ਬਣੇ ਹੋਏ ਹਨ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਕੀ ਕਰ ਰਹੇ ਹਨ? ਵਿਦੇਸ਼ਾਂ ‘ਚ ਐਸ਼-ਪ੍ਰਸਤੀ ਕਰਕੇ ਵਾਪਸ ਆਏ, ਪਰ ਅੱਜ ਤੱਕ ਕਾਨੂੰਨ-ਵਿਵਸਥਾ ‘ਤੇ ਕੋਈ ਗੰਭੀਰ ਬੈਠਕ ਨਹੀਂ। ਪੁਲਿਸ ਦਾ ਇਸਤੇਮਾਲ ਰਾਜਨੀਤਿਕ ਸਾਧਨ ਵਜੋਂ ਹੋ ਰਿਹਾ ਹੈ, ਪਰ ਜਨਤਾ ਦੀ ਸੁਰੱਖਿਆ ਲਈ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਹਰ ਇੱਕ ਫੈਸਲਾ ਸਿਆਸੀ ਲਾਹੇ ਲਈ ਲਿਆ ਜਾ ਰਿਹਾ ਹੈ।
ਉਨ੍ਹਾਂ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਸਾਂਸਦਾਂ ਦੇ ਘਰਾਂ ’ਤੇ “ਗੱਦਾਰ” ਲਿਖਣ ਵਾਲਿਆਂ ਨੂੰ ਬਚਾਇਆ ਜਾ ਰਿਹਾ ਹੈ। ਨਾ ਹੀ ਕੋਈ ਐਕਸ਼ਨ ਪਲਾਨ ਨਾ ਹੀ ਕੋਈ ਜਵਾਬਦੇਹੀ ਤੇ ਮੁੱਖ ਮੰਤਰੀ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ’ਚ ਵਿਅਸਤ ਹਨ। ਪੰਜਾਬ ਦੇ ਲੋਕ ਡਰ ‘ਚ ਜੀ ਰਹੇ ਹਨ, ਰੇਲ ਟਰੈਕ ਤੱਕ ਸੁਰੱਖਿਅਤ ਨਹੀਂ ਰਹੇ।
ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਪੰਜਾਬ ‘ਚ ਕੋਈ ਸਰਕਾਰ ਹੈ ਵੀ ਜਾਂ ਨਹੀਂ? ਕੌਣ ਲਵੇਗਾ ਜ਼ਿੰਮੇਵਾਰੀ? ਕਿੰਨੇ ਹੋਰ ਹਾਦਸਿਆਂ ਤੋਂ ਬਾਅਦ ਜਾਗੋਗੇ? ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਲਾਪਰਵਾਹੀ ਨਹੀਂ, ਸਗੋਂ ਇਹ ਸਿੱਧੀ ਨਾਕਾਮੀ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਰੇਲਵੇ ਪਟੜੀਆਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਵੱਡੀ ਸਾਜ਼ਿਸ਼ ਰਚੀ ਗਈ। ਰਾਜਪੁਰਾ ਅਤੇ ਸ਼ੰਭੂ ਰੇਲਵੇ ਸਟੇਸ਼ਨਾਂ ਵਿਚਕਾਰ ਸਮਰਪਿਤ ਫਰੇਟ ਕੋਰੀਡੋਰ (DFCCIL) 'ਤੇ ਸੋਮਵਾਰ ਦੇਰ ਰਾਤ ਇੱਕ ਧਮਾਕਾ ਹੋਇਆ। ਇਹ ਇੱਕ ਆਈਈਡੀ ਧਮਾਕਾ ਮੰਨਿਆ ਜਾ ਰਿਹਾ ਹੈ। ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੌਕੇ 'ਤੇ ਮਿਲੇ ਇੱਕ ਮੋਬਾਈਲ ਫੋਨ ਰਾਹੀਂ ਕੀਤੀ ਗਈ। ਦੱਸ ਦਈਏ ਕਿ ਜਿਸ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਉਸਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਹੈ।