ਪੰਜਾਬ ਚ ਵਾਰ-ਵਾਰ ਹੜ੍ਹ ਆਉਣ ਦੇ ਕਾਰਨਾਂ ਦੀ ਕੀਤੀ ਜਾਵੇ ਜਾਂਚ, ਸਾਹਮਣੇ ਲਿਆਂਦਾ ਜਾਵੇ ਸੱਚ - ਜਥੇਦਾਰ ਕੁਲਦੀਪ ਸਿੰਘ ਗੜਗੱਜ

Jathedar Kuldeep Singh Gargajj on Punjab Floods : ਜਥੇਦਾਰ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿੱਚ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਸਤੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰ ਸਕਣ।

By  KRISHAN KUMAR SHARMA August 30th 2025 06:26 PM -- Updated: August 30th 2025 06:27 PM

Jathedar Kuldeep Singh Gargajj on Punjab Floods : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਗੜਗੱਜ ਵੱਲੋਂ ਪੰਜਾਬ ਅੰਦਰ ਮੌਜੂਦਾ ਹੜ੍ਹ ਦੀ ਸਥਿਤੀ ਵਿੱਚ ਸਮੂਹ ਪੰਜਾਬੀਆਂ ਖਾਸਕਰ ਸਿੱਖ ਜਥੇਬੰਦੀਆਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਇਸ ਆਫ਼ਤ ਦੇ ਸਮੇਂ ਵਿੱਚ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਕੋਈ ਮੁਸੀਬਤ ਵਿੱਚ ਫਸਿਆ ਪੰਜਾਬੀ ਬਿਨਾਂ ਛੱਤ ਅਤੇ ਬਿਨਾਂ ਪਰਸ਼ਾਦੇ ਤੋਂ ਨਾ ਰਹੇ। ਉਨ੍ਹਾਂ ਕਿਹਾ ਕਿ ਕਿਸੇ ਦੇ ਵੀ ਪਸ਼ੂ ਚਾਰੇ ਤੋਂ ਬਿਨਾਂ ਭੁੱਖੇ ਨਾ ਰਹਿਣ।

ਉਨ੍ਹਾਂ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਆਖਿਆ ਕਿ ਹੜ੍ਹ ਪੀੜਤ ਲੋਕਾਂ ਨੂੰ ਮਦਦ ਅਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਪਿੰਡਾਂ ਵਿੱਚੋਂ ਪਾਣੀ ਉਤਰ ਜਾਣ ਤੋਂ ਬਾਅਦ ਪਵੇਗੀ, ਇਸ ਲਈ ਬਾਅਦ ਵਿੱਚ ਪ੍ਰਭਾਵਿਤ ਲੋਕਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਭਾਈਚਾਰੇ, ਮੁਹੱਬਤ ਅਤੇ ਇਤਫ਼ਾਕ ਕਰਕੇ ਜਾਣਿਆ ਜਾਂਦਾ ਹੈ, ਜੋ ਪਹਿਲਾਂ ਵੀ ਬਹੁਤ ਮੁਸੀਬਤਾਂ ਵਿੱਚੋਂ ਨਿਕਲਿਆ ਹੈ ਅਤੇ ਹੁਣ ਵੀ ਪੰਜਾਬ ਦੀ ਬਨਸਪਤੀ, ਲੋਕ, ਪਸ਼ੂ ਪੰਛੀ ਅਤੇ ਇਹ ਧਰਤੀ ਹੜ੍ਹਾਂ ਦੀ ਮੌਜੂਦਾ ਮੁਸੀਬਤ ਵਿੱਚੋਂ ਵੀ ਬਾਹਰ ਆ ਜਾਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਹੜ੍ਹਾਂ ਦੀ ਮਾਰ ਹੈ ਅਤੇ ਪ੍ਰਭਾਵਿਤ ਇਲਾਕਿਆਂ ਦੇ ਪਿੰਡਾਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਵੜਿਆ ਹੈ, ਇਸ ਕਾਰਨ ਜਿੱਥੇ ਘਰਾਂ ਨੂੰ ਨੁਕਸਾਨ ਪੁੱਜਿਆ ਹੈ ਉੱਥੇ ਹੀ ਪਸ਼ੂ ਮਾਰੇ ਗਏ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਆਪਸੀ ਪ੍ਰੇਮ, ਇਤਫ਼ਾਕ ਤੇ ਭਾਈਚਾਰੇ ਦੀ ਬਹੁਤ ਲੋੜ ਹੈ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਨਾਲ ਪੰਜਾਬ ਨੇ ਹਮੇਸ਼ਾ ਹੀ ਹਰ ਮੁਸ਼ਕਿਲ ਹੱਲ ਕੀਤੀ ਹੈ। ਅੱਜ ਵੀ ਪੰਜਾਬੀਆਂ ਨੇ ਪੂਰੇ ਸੰਸਾਰ ਦੇ ਲੋਕਾਂ ਨੂੰ ਇਹ ਦੱਸਿਆ ਹੈ ਕਿ ਅਸੀਂ ਔਖੇ ਤੋਂ ਔਖੇ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੇ ਹਾਂ ਤੇ ਮਦਦ ਕਰ ਰਹੇ ਹਾਂ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਕਰ ਰਹੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸ਼ਖ਼ਸੀਅਤਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਤੇ ਆਖਿਆ ਕਿ ਜਦੋਂ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਨਹੀਂ ਹੋ ਜਾਂਦੀਆਂ ਸੇਵਾ ਕਾਰਜ ਲਗਾਤਾਰ ਜਾਰੀ ਰੱਖੇ ਜਾਣ।

ਜਥੇਦਾਰ ਗੜਗੱਜ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਗੱਲ ਵੀ ਜ਼ਰੂਰ ਜਾਂਚੀ ਜਾਵੇ ਕਿ ਵਾਰ-ਵਾਰ ਪੰਜਾਬ ਵਿੱਚ ਹੜ੍ਹ ਕਿਉਂ ਆ ਰਹੇ ਹਨ, ਇਸ ਦੇ ਕਾਰਨ ਸਾਹਮਣੇ ਆਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਵਾਸੀ ਸੁਚੇਤ ਹੋ ਕੇ ਅਗਾਂਹ ਵਾਸਤੇ ਸੁਰੱਖਿਆ ਦੇ ਪ੍ਰਬੰਧ ਪੁਖਤਾ ਕਰ ਸਕਣ। ਉਨ੍ਹਾਂ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਕਿ ਪੰਜਾਬ ਹੜ੍ਹ ਵਾਲੀ ਸਥਿਤੀ ਵਿੱਚੋਂ ਛੇਤੀ ਹੀ ਬਾਹਰ ਆਵੇ ਤੇ ਇੱਥੋਂ ਦੇ ਲੋਕ ਖੁਸ਼ਹਾਲ ਜੀਵਨ ਬਤੀਤ ਕਰਨ।

Related Post