Ludhiana ਕੇਂਦਰੀ ਜੇਲ੍ਹ ’ਚ ਜੇਲ੍ਹ ਅਧਿਕਾਰੀਆਂ ਉੱਪਰ ਹਮਲਾ ਕਰਨ ਦੇ ਮਾਮਲੇ 'ਚ 24 ਕੈਦੀ ਆਰੋਪੀਆਂ ਖਿਲਾਫ਼ ਮਾਮਲਾ ਦਰਜ
Ludhiana Central Jail News : ਲੁਧਿਆਣਾ ਦੀ ਕੇਂਦਰੀ ਜੇਲ 'ਚ ਮੰਗਲਵਾਰ ਨੂੰ ਜੇਲ੍ਹ ਸਟਾਫ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ 24 ਆਰੋਪੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਦਕਿ ਜੇਲ੍ਹ ਸੁਪਰਡੈਂਟ ਸਣੇ ਪੰਜ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨਾਂ ਦਾ ਇਲਾਜ ਜਾਰੀ ਹੈ। ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਚੱਲ ਰਹੀ ਕਾਊਂਟਿੰਗ ਨੂੰ ਲੈ ਕੇ ਲੁਧਿਆਣਾ ਦੇ ਕੇਵੀਐਮ ਸਕੂਲ ਵਿਖੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਣ ਪਹੁੰਚੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਦੋ ਕੈਦੀਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ।ਇਹਨਾਂ ਵਿੱਚੋਂ ਇੱਕ ਕੈਦੀ ਨੂੰ ਸਜ਼ਾ ਵਜੋਂ ਪਨਿਸ਼ਮੈਂਟ ਸੈੱਲ ਵਿੱਚ ਪ੍ਰਸ਼ਾਸਨ ਨੇ ਬੰਦ ਕੀਤਾ ਸੀ।
ਸ਼ਾਮ ਵੇਲੇ ਜਦੋਂ ਆਰੋਪੀ ਕੈਦੀ ਨੂੰ ਉਸ ਦੀ ਬੈਰਕ ਵਿੱਚ ਛੱਡਣ ਲਈ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਆਪਣੇ ਸਾਥੀਆਂ ਨੂੰ ਭੜਕਾ ਦਿੱਤਾ ਅਤੇ ਆਰੋਪੀ ਕੈਦੀਆਂ ਨੇ ਕਿਆਰੀਆਂ ਨਾਲ ਲੱਗੀਆਂ ਇੱਟਾਂ ਰਾਹੀਂ ਜੇਲ ਪ੍ਰਸ਼ਾਸਨ ਦੇ ਅਧਿਕਾਰੀਆਂ ਉੱਪਰ ਹਮਲਾ ਕਰ ਦਿੱਤਾ। ਕੰਟਰੋਲ ਰੂਮ 'ਤੇ ਸੂਚਨਾ ਮਿਲਣ 'ਤੇ ਪੁਲਿਸ ਦੀਆਂ ਟੀਮਾਂ ਜੇਲ ਵਿੱਚ ਪਹੁੰਚੀਆਂ ਅਤੇ ਉਨਾਂ ਨੇ ਖੁਦ ਵੀ ਹਾਲਾਤਾਂ ਦਾ ਜਾਇਜ਼ਾ ਲਿਆ ਸੀ। ਫਿਲਹਾਲ ਲੁਧਿਆਣਾ ਕੇਂਦਰੀ ਜੇਲ ਅਤੇ ਸ਼ਹਿਰ ਵਿੱਚ ਹਾਲਾਤ ਕੰਟਰੋਲ ਵਿੱਚ ਹਨ। ਇਸ ਮਾਮਲੇ ਵਿੱਚ ਪੁਲਿਸ ਵੱਲੋ 24 ਕੈਦੀਆਂ ਉੱਪਰ ਮਾਮਲਾ ਦਰਜ ਕੀਤਾ ਹੈ, ਜਦਕਿ ਜੇਲ ਪ੍ਰਸ਼ਾਸਨ ਦੇ 5 ਅਧਿਕਾਰੀ ਜੇਰੇ ਇਲਾਜ਼ ਹਨ।
ਦੱਸ ਦੇਈਏ ਕਿ ਤਾਜਪੁਰ ਰੋਡ ਕੇਂਦਰੀ ਜੇਲ ’ਚ ਮੰਗਲਵਾਰ ਨੂੰ ਸ਼ਾਮ 7.30 ਵਜੇ ਦੇ ਕਰੀਬ ਕੈਦੀਆਂ ਦੇ 2 ਗਰੁੱਪਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਖੂਨੀ ਝੜਪ ਹੋ ਗਈ, ਜਿਸ ਦੌਰਾਨ ਇਕ-ਦੂਜੇ ’ਤੇ ਇੱਟਾਂ-ਰੋੜੇ ਸੁੱਟੇ ਗਏ। ਜੇਲ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਭਾਰੀ ਫੋਰਸ ਨਾਲ ਮੌਕੇ ’ਤੇ ਪਹੁੰਚੇ ਸਨ। ਜੇਲ ਸੁਪਰਡੈਂਟ ਕੁਲਵੰਤ ਸਿੰਘ ਸਿੱਧੂ ਨੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਵੱਡੀ ਗਿਣਤੀ ’ਚ ਕੈਦੀਆਂ ਨੇ ਅਧਿਕਾਰੀਆਂ ਦੇ ਵੀ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਜੇਲ ਸੁਪਰਡੈਂਟ ਸਿਰ ਇੱਟ ਵੱਜਣ ਕਾਰਨ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
- PTC NEWS