ਉਜੈਨ 'ਚ ਮਹਾਸ਼ਿਵਰਾਤਰੀ 'ਤੇ ਟੁੱਟਿਆ ਅਯੁੱਧਿਆ ਦਾ ਰਿਕਾਰਡ, ਗਿਨੀਜ਼ ਬੁੱਕ 'ਚ ਦਰਜ

By  Ravinder Singh February 19th 2023 09:38 AM

ਉਜੈਨ : ਮੱਧ ਪ੍ਰਦੇਸ਼ ਦੇ ਉਜੈਨ ਸ਼ਹਿਰ 'ਚ ਸ਼ਨਿੱਚਰਵਾਰ ਸ਼ਾਮ 18.82 ਲੱਖ ਦੀਵੇ ਜਗਾ ਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਗਿਆ। ਕਰੀਬ 20 ਹਜ਼ਾਰ ਵਾਲੰਟੀਅਰਾਂ ਨੇ ਸ਼ਿਪਰਾ ਨਦੀ ਦੇ ਕੰਢੇ ਇੰਨੀ ਵੱਡੀ ਗਿਣਤੀ ਵਿੱਚ ਦੀਵੇ ਜਗਾਉਣ ਦੇ ਕੰਮ ਨੂੰ ਨੇਪਰੇ ਚਾੜ੍ਹਿਆ।



'ਗਿਨੀਜ਼ ਵਰਲਡ ਰਿਕਾਰਡ' ਦੇ ਜੱਜ ਸਵਾਪਨਿਲ ਡਾਂਗਰਿਕਰ ਨੇ ਕਿਹਾ, ਉਜੈਨ ਤੋਂ ਪਹਿਲਾਂ ਤੇਲ ਦੀਵੇ ਜਗਾਉਣ ਦਾ ਵਿਸ਼ਵ ਰਿਕਾਰਡ ਪਿਛਲੀ ਦੀਵਾਲੀ 'ਤੇ ਅਯੁੱਧਿਆ 'ਚ ਬਣਿਆ ਸੀ, ਜਿੱਥੇ 15.76 ਲੱਖ ਦੀਵੇ ਜਗਾਏ ਗਏ ਸਨ। ਉਨ੍ਹਾਂ ਐਲਾਨ ਕੀਤਾ ਕਿ ਸ਼ਨਿੱਚਰਵਾਰ ਸ਼ਾਮ ਉਜੈਨ 'ਚ 18.82 ਲੱਖ ਦੀਵੇ ਜਗਾ ਕੇ ਅਯੁੱਧਿਆ ਦਾ ਰਿਕਾਰਡ ਤੋੜ ਦਿੱਤਾ ਗਿਆ ਹੈ। ਗਿਨੀਜ਼ ਵਰਲਡ ਰਿਕਾਰਡ ਦੇ ਨਿਰਣਾਇਕ ਡਾਂਗਰਿਕਰ ਅਨੁਸਾਰ, ਘੱਟੋ-ਘੱਟ ਪੰਜ ਮਿੰਟ ਲਈ ਦੀਵੇ ਜਗਾਏ ਜਾਣੇ ਸਨ ਜੋ ਇੱਥੇ ਸਫਲਤਾਪੂਰਵਕ ਹੋ ​​ਗਏ। ਇਸ ਪ੍ਰੋਗਰਾਮ ਦਾ ਆਯੋਜਨ ਸਥਾਨਕ ਪ੍ਰਸ਼ਾਸਨ ਵੱਲੋਂ ਨਾਗਰਿਕ ਸਮੂਹਾਂ ਦੇ ਸਹਿਯੋਗ ਨਾਲ ਕੀਤਾ ਗਿਆ।

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਜੋ ਆਪਣੀ ਪਤਨੀ ਦੇ ਨਾਲ ਪ੍ਰੋਗਰਾਮ 'ਚ ਪਹੁੰਚੇ, ਨੇ ਬਾਅਦ 'ਚ ਦੱਸਿਆ ਕਿ ਇਸ ਮੌਕੇ ਕੁੱਲ 18,82,229 ਦੀਵੇ ਜਗਾਏ ਗਏ। ਇਸ ਦੌਰਾਨ ਲੇਜ਼ਰ ਸ਼ੋਅ ਵੀ ਕਰਵਾਇਆ ਗਿਆ। ਮੁੱਖ ਮੰਤਰੀ ਨੇ ਆਪਣੀ ਪਤਨੀ ਸਾਧਨਾ ਸਿੰਘ ਚੌਹਾਨ ਨਾਲ ਕਿਸ਼ਤੀ 'ਤੇ ਬੈਠ ਕੇ ਰਾਮਘਾਟ ਤੋਂ ਭੂਖੀਮਾਤਾ ਤੱਕ ਲਗਾਏ ਗਏ ਦੀਵਿਆਂ ਦੇ ਅਦਭੁੱਤ ਰੰਗਾਂ ਨੂੰ ਦੇਖਿਆ। ਘਾਟਾਂ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸ਼ਿਪਰਾ ਨਦੀ ਦੇ ਕੰਢੇ ਦੀਵਿਆਂ ਦੀ ਰੌਸ਼ਨੀ ਵਿਚ ਇਸ਼ਨਾਨ ਕੀਤੇ ਗਏ।

ਇਹ ਵੀ ਪੜ੍ਹੋ : ਮੌਸਮ ਦਾ ਮਿਜ਼ਾਜ : ਮਾਰਚ ਦੇ ਪਹਿਲੇ ਹਫ਼ਤੇ ਪਸੀਨੇ ਛੁੱਟਣ ਦੀ ਸੰਭਾਵਨਾ, ਜਾਣੋ ਆਉਣ ਵਾਲੇ ਦਿਨ ਕਿਸ ਤਰ੍ਹਾਂ ਦਾ ਰਹੇਗਾ ਮੌਸਮ

ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਟੀਮ ਦੇ ਸਵਾਪਨਿਲ ਡਾਂਗਰਿਕਰ ਅਤੇ ਨਿਸ਼ਚਲ ਬਾਰੋਟ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਵਿਸ਼ਵ ਰਿਕਾਰਡ ਦੀ ਸਥਾਪਨਾ ਦਾ ਪ੍ਰਮਾਣ ਪੱਤਰ ਸੌਂਪਿਆ। ਸਵਾਪਨਿਲ ਨੇ ਐਲਾਨ ਕੀਤਾ ਕਿ ਅੱਜ ਉਜੈਨ ਦੇ ਵੱਖ-ਵੱਖ ਘਾਟਾਂ 'ਤੇ 18 ਲੱਖ 82 ਹਜ਼ਾਰ 229 ਦੀਵੇ ਜਗਾਏ ਗਏ ਹਨ। ਸ਼ਿਵ ਜਯੋਤੀ ਅਰਪਨ ਪ੍ਰੋਗਰਾਮ ਵਿਚ ਰਾਮਘਾਟ ਵਿਖੇ ਦੀਵੇ ਜਗਾਉਣ ਦਾ ਕੰਮ ਸ਼ਾਮ 7 ਵਜੇ ਤੋਂ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ 18 ਲੱਖ 82 ਹਜ਼ਾਰ 229 ਦੀਵੇ ਜਗਾਏ ਗਏ। ਰਾਤ ਦੇ 8 ਵਜੇ ਡਰੋਨ ਕੈਮਰੇ ਨਾਲ ਲਾਈਟਾਂ ਦੀ ਗਿਣਤੀ ਕੀਤੀ ਗਈ।

Related Post