Amritsar ਚ ਧਾਰਮਿਕ ਬੇਅਦਬੀ ਦੀ ਮੰਦਭਾਗੀ ਘਟਨਾ; ਨਿਹੰਗ ਜਥੇਬੰਦੀਆਂ ਨੇ ਜਤਾਇਆ ਰੋਸ, ਸੇਵਾਦਾਰ ਨੇ ਮੰਗੀ ਮੁਆਫੀ
ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਮੌਕੇ 'ਤੇ ਪਹੁੰਚੀਆਂ ਅਤੇ ਇਸ ਘਟਨਾ 'ਤੇ ਸਖ਼ਤ ਰੋਸ ਪ੍ਰਗਟਾਇਆ। ਨਿਹੰਗ ਸਿੰਘਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਬੇਅਦਬੀ ਬਾਰੇ ਪਤਾ ਲੱਗਾ, ਉਹ ਤੁਰੰਤ ਉੱਥੇ ਪਹੁੰਚੇ।
Amritsar News : ਅੰਮ੍ਰਿਤਸਰ ਦੇ ਬਟਾਲਾ ਰੋਡ ਸਥਿਤ ਸਨ ਸਿਟੀ ਦੇ ਬਾਹਰਵਾਰ ਹਨੂੰਮਾਨ ਮੰਦਰ ਦੇ ਅੰਦਰ ਬੇਅਦਬੀ ਦੀ ਇੱਕ ਅਤਿ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੁਰੂ ਸਾਹਿਬ ਦੀਆਂ ਤਸਵੀਰਾਂ, ਮਾਤਾ ਰਾਣੀ ਦੀਆਂ ਮੂਰਤੀਆਂ ਅਤੇ ਸ਼ਿਵਲਿੰਗ ਦੀ ਬੇਅਦਬੀ ਕੀਤੀ ਗਈ। ਇਹ ਧਾਰਮਿਕ ਚਿੰਨ੍ਹ ਮੰਦਰ ਪਰਿਸਰ ਵਿੱਚ ਲਵਾਰਿਸ ਅਤੇ ਇਤਰਾਜ਼ਯੋਗ ਹਾਲਤ ਵਿੱਚ ਮਿਲੇ, ਜਿਸ ਤੋਂ ਬਾਅਦ ਇਲਾਕੇ ਵਿੱਚ ਤਣਾਅ ਪੈਦਾ ਹੋ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਵੱਖ-ਵੱਖ ਨਿਹੰਗ ਸਿੱਖ ਜਥੇਬੰਦੀਆਂ ਮੌਕੇ 'ਤੇ ਪਹੁੰਚੀਆਂ ਅਤੇ ਇਸ ਘਟਨਾ 'ਤੇ ਸਖ਼ਤ ਰੋਸ ਪ੍ਰਗਟਾਇਆ। ਨਿਹੰਗ ਸਿੰਘਾਂ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਗੁਰੂ ਸਾਹਿਬ ਦੀਆਂ ਤਸਵੀਰਾਂ ਦੀ ਬੇਅਦਬੀ ਬਾਰੇ ਪਤਾ ਲੱਗਾ, ਉਹ ਤੁਰੰਤ ਉੱਥੇ ਪਹੁੰਚੇ। ਉਨ੍ਹਾਂ ਨੇ ਪੂਰੀ ਮਰਯਾਦਾ ਅਤੇ ਸਤਿਕਾਰ ਸਹਿਤ ਉਨ੍ਹਾਂ ਤਸਵੀਰਾਂ ਨੂੰ ਉੱਥੋਂ ਲਿਜਾ ਕੇ ਸਸਕਾਰ ਕੀਤਾ। ਜਥੇਬੰਦੀਆਂ ਨੇ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਦੂਜੇ ਪਾਸੇ, ਮੰਦਰ ਵਿੱਚ ਪਿਛਲੇ 30-40 ਸਾਲਾਂ ਤੋਂ ਸੇਵਾ ਨਿਭਾ ਰਹੇ ਸੇਵਾਦਾਰ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੇਵਾਦਾਰ ਨੇ ਕਿਹਾ ਕਿ ਮੰਦਰ ਦੀਆਂ ਕੰਧਾਂ ਛੋਟੀਆਂ ਹੋਣ ਕਾਰਨ ਕੋਈ ਸ਼ਰਾਰਤੀ ਅਨਸਰ ਅੰਦਰ ਦਾਖਲ ਹੋ ਕੇ ਮੰਦਰ ਦੀ ਛਵੀ ਖਰਾਬ ਕਰਨ ਅਤੇ ਕਬਜ਼ਾ ਕਰਨ ਦੀ ਨੀਅਤ ਨਾਲ ਅਜਿਹੀਆਂ ਕੋਝੀਆਂ ਹਰਕਤਾਂ ਕਰ ਰਿਹਾ ਹੈ। ਉਨ੍ਹਾਂ ਨੇ ਹੱਥ ਜੋੜ ਕੇ ਸੰਗਤਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਉਹ ਇਸ ਘਟਨਾ ਦੀ ਕੜੀ ਨਿੰਦਾ ਕਰਦੇ ਹਨ ਅਤੇ ਕਿਸੇ ਦੀ ਆਸਥਾ ਨੂੰ ਠੇਸ ਪਹੁੰਚਾਉਣਾ ਉਨ੍ਹਾਂ ਦਾ ਮਕਸਦ ਨਹੀਂ ਸੀ।
ਸੇਵਾਦਾਰ ਵੱਲੋਂ ਜਨਤਕ ਤੌਰ 'ਤੇ ਮਾਫ਼ੀ ਮੰਗਣ ਤੋਂ ਬਾਅਦ ਨਿਹੰਗ ਜਥੇਬੰਦੀਆਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਮਾਮਲੇ ਨੂੰ ਸ਼ਾਂਤ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸੇਵਾਦਾਰ ਆਪਣੀ ਗਲਤੀ ਜਾਂ ਅਣਗਹਿਲੀ ਦੀ ਮਾਫ਼ੀ ਮੰਗ ਰਿਹਾ ਹੈ, ਤਾਂ ਉਹ ਇਸ ਨੂੰ ਮਾਫ਼ ਕਰਦੇ ਹਨ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰਨੀ ਚਾਹੀਦੀ ਅਤੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇ।
ਮਾਮਲਾ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਗੰਭੀਰ ਅਤੇ ਜਾਂਚ ਦਾ ਵਿਸ਼ਾ ਹੈ। ਸੀਸੀਟੀਵੀ ਕੈਮਰਿਆਂ ਅਤੇ ਹੋਰ ਸਬੂਤਾਂ ਦੇ ਅਧਾਰ 'ਤੇ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : Jalandhar ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ; ਪੁਲਿਸ ਮੁਕਾਬਲੇ ’ਚ 2 ਬਦਮਾਸ਼ ਜ਼ਖਮੀ