Jathedar Kuldeep Singh Sandesh : 'ਸਿੱਖ ਕੌਮ ਵਿਲੱਖਣ ਤੇ ਹਮੇਸ਼ਾ ਰਹੇਗੀ...', ਹੋਲੇ ਮਹੱਲੇ ਮੌਕੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਕੌਮ ਦੇ ਨਾਮ ਸੰਦੇਸ਼
Jathedar Kuldeep Singh Sandesh : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਮੌਕੇ ਇਕੱਤਰ ਹੋਈ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੂੰ ਇਸ ਖ਼ਾਲਸਈ ਤਿਓਹਾਰ ਦੀ ਵਧਾਈ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੋਲਾ ਮਹੱਲਾ ਕੌਮ (Hola Mohalla) ਦੀ ਵਿਲੱਖਣਤਾ, ਨਿਆਰੀ ਆਭਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੁਰੂ ਸਿੱਖਿਆ ਅਨੁਸਾਰ ਸਿੱਖ ਨੇ ਇੱਕ ਦੂਜੇ ਨੂੰ ਗੁਰਬਾਣੀ ਦਾ ਰੰਗ ਲਾਉਣਾ ਹੈ ਨਾ ਕਿ ਆਪਣੀ ਰਵਾਇਤ ਦੇ ਉਲਟ ਕਾਰਜ ਕਰਨੇ ਹਨ। ਇੱਕ ਦੂਜੇ ਉੱਤੇ ਰੰਗ ਸੁੱਟਣੇ, ਮੂੰਹ ਸਿਰ ਨੂੰ ਰੰਗਣਾ ਸਿੱਖਾਂ ਦੀ ਰਵਾਇਤ ਬਿਲਕੁਲ ਵੀ ਨਹੀਂ। ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਵਿਲੱਖਣਾ ਬਖ਼ਸ਼ੀ ਹੈ, ਜਿਸ ਦੇ ਸਦਕਾ ਕੌਮ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਦਿਆਂ ਦਰਾ ਖ਼ੈਬਰ ਤੱਕ ਨੂੰ ਬੰਦ ਕੀਤਾ।
ਸਿੱਖ ਕੌਮ ਖਿਲਾਫ਼ ਸਾਜਿਸ਼ ਰਚਣ ਵਾਲੀਆਂ ਤਾਕਤਾਂ ਨੂੰ ਚੇਤਾਵਨੀ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਨੇ ਇਸ ਮੁਲਕ ਨੂੰ ਬਚਾਇਆ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਹਿੰਦੁਸਤਾਨ ਦੀ ਤਾਕਤ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਵਿਓਂਤ ਬਣਾਏਗਾ ਅਤੇ ਸਾਜ਼ਸ਼ਾਂ ਰਚੇਗਾ ਅਤੇ ਜੇਕਰ ਸਿੱਖ ਕਮਜ਼ੋਰ ਹੋਣਗੇ ਤਾਂ ਇਹ ਮੁਲਕ ਵੀ ਕਮਜ਼ੋਰ ਹੋਵੇਗਾ। ਦੇਸ਼ ਦੇ ਬਾਰਡਰਾਂ ਉੱਤੇ ਸਭ ਤੋਂ ਵੱਧ ਸ਼ਹਾਦਤਾਂ ਸਿੱਖਾਂ ਦੀਆਂ ਹਨ, ਸਾਜ਼ਸ਼ਾਂ ਕਰਨ ਵਾਲੀਆਂ ਸ਼ਕਤੀਆਂ ਇਹ ਭੁੱਲ ਜਾਣ ਕਿ ਸਿੱਖਾਂ ਨੂੰ ਕਮਜ਼ੋਰ ਕਰਕੇ ਉਹ ਤਕੜੇ ਰਹਿ ਜਾਣਗੇ।
ਬੰਦੀ ਸਿੰਘਾਂ ਦੀ ਰਿਹਾਈ ਸਮੁੱਚੀ ਸਿੱਖ ਕੌਮ ਦੀ ਭਾਵਨਾ
ਲੰਮੇ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਨ੍ਹਾਂ ਸਿੰਘਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਆਪਣੀ ਬਿਰਧ ਮਾਤਾ ਨੂੰ ਮਿਲਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ। ਜਦਕਿ ਵੱਡੇ-ਵੱਡੇ ਅਪਰਾਧ ਕਰਨ ਵਾਲੇ ਅਖੌਤੀ ਸਾਧਾਂ ਨੂੰ ਕੁਝ ਸਮੇਂ ਬਾਅਦ ਹੀ ਛੁੱਟੀਆਂ ਦਿੱਤੀਆਂ ਜਾਂਦੀਆਂ ਹਨ। ਸਰਕਾਰਾਂ ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਪ੍ਰੋ ਦੇਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਕਰਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਮੁੱਚੀ ਸਿੱਖ ਕੌਮ ਦੀ ਭਾਵਨਾ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਰਕਾਰਾਂ ਲੋਕਾਂ ਦੇ ਲਈ ਹੁੰਦੀਆਂ ਹਨ, ਦੇਸ਼ ਅੰਦਰ ਕਾਨੂੰਨ ਦਾ ਰਾਜ ਹੈ ਅਤੇ ਇੱਥੇ ਇਨਸਾਫ਼ ਕਰਨ ਲਈ ਅਦਾਲਤਾਂ ਸਥਾਪਤ ਹਨ। ਪਿਛਲੇ ਤਿੰਨ ਮਹੀਨਿਆਂ ਵਿੱਚ ਪੰਜਾਬ ਅੰਦਰ 34 ਨੌਜਵਾਨਾਂ ਨੂੰ ਪੰਜਾਬ ਪੁਲਿਸ ਨੇ ਮੁਕਾਬਲਾ ਬਣਾ ਕੇ ਮਾਰਿਆ ਹੈ। ਉਨ੍ਹਾਂ ਕਿਹਾ ਕਿ ਕਤਲੋਗਾਰਤ ਕਿਸੇ ਵੀ ਪਾਸਿਓਂ ਨਹੀਂ ਹੋਣੀ ਚਾਹੀਦੀ, ਜੇਕਰ ਕੋਈ ਪੁਲਿਸ ਵਾਲਾ ਮਾਰਿਆ ਗਿਆ ਹੈ, ਉਹ ਵੀ ਸਾਡਾ ਹੈ, ਇਹ ਨਹੀਂ ਹੋਣਾ ਚਾਹੀਦਾ। ਕਤਲੋਗਾਰਤ ਪੰਜਾਬ ਦੇ ਪੱਖ ਵਿੱਚ ਨਹੀਂ। ਉਨ੍ਹਾਂ ਕਿਹਾ ਜਿਹੜੇ ਸਾਡੇ ਕੁਝ ਨੌਜਵਾਨ ਭਟਕ ਗਏ ਹਨ ਉਨ੍ਹਾਂ ਨੂੰ ਬੇਨਤੀ ਹੈ ਕਿ ਪੰਜਾਬ ਸਰਬੱਤ ਦਾ ਭਲਾ ਮੰਗਣ ਵਾਲਾ ਖਿੱਤਾ ਹੈ, ਨਜਾਇਜ਼ ਕਿਸੇ ਨੂੰ ਵੀ ਨਾ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਪਰੰਤੂ ਸਰਕਾਰਾਂ ਵੀ ਫ਼ੈਸਲੇ ਅਦਾਲਤਾਂ ਦੇ ਰਾਹੀਂ ਕਰਨ, ਪੁਲਿਸ ਨੂੰ ਅਦਾਲਤ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਾ ਮਾਰਿਆ ਜਾਵੇ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਇਹ ਗੱਲ ਲਈ ਅਵਾਜ਼ ਬੁਲੰਦ ਕੀਤੀ ਜਾਵੇ ਕਿ ਸਾਨੂੰ ਸੂਬੇ ਅੰਦਰ ਪੁਲਿਸ ਰਾਜ ਨਹੀਂ ਚਾਹੀਦਾ। ਇੱਥੇ ਲੋਕਤੰਤਰ ਹੈ, ਇਸ ਲਈ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਨਾ ਕਿ ਡੰਡੇ ਦਾ।
ਸਿੱਖ ਕੌਮ ਵਿਲੱਖਣ ਹੈ ਅਤੇ ਹਮੇਸ਼ਾ ਰਹੇਗੀ : ਜਥੇਦਾਰ ਗੜਗੱਜ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਕਈ ਤਾਕਤਾਂ ਇਹ ਕਹਿ ਕੇ ਸਿੱਖਾਂ ਨੂੰ ਜਜ਼ਬ ਕਰਨਾ ਚਾਹੁੰਦੀਆਂ ਹਨ ਕਿ ਸਿੱਖ ਵੱਖਰੇ ਨਹੀਂ। ਉਨ੍ਹਾਂ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਸਿੱਖ, ਸਨਾਤਨੀ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਧੀਆਂ ਹਨ, ਵਿਲੱਖਣ ਅਤੇ ਨਿਆਰੀ ਪਛਾਣ ਵਾਲੇ ਹਨ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਇਸ ਦੇਸ਼ ਅੰਦਰ ਬਹੁ-ਗਿਣਤੀ ਦਾ ਹਿੱਸਾ ਨਹੀਂ ਹੈ ਅਤੇ ਇਹ ਵਿਲੱਖਣ ਕੌਮ ਹੈ ਅਤੇ ਹਮੇਸ਼ਾ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਆਪਣੀ ਪਛਾਣ ਦੇ ਮਸਲੇ ਉੱਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਨ 1984 ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਸਮੇਤ ਹੋਰ ਸ਼ਹਾਦਤਾਂ ਵੱਡੀਆਂ ਸ਼ਹਾਦਤਾਂ ਸਾਡੇ ਹੱਕਾਂ ਅਤੇ ਕੌਮੀ ਪਛਾਣ ਲਈ ਹੋਈਆਂ ਹਨ।
ਸਿੱਖਾਂ ਦੀ ਆਪਣੇ ਸਿੱਖਿਆ ਪ੍ਰਣਾਲੀ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਆਪਣਾ ਰਾਜ 1849 ਵਿੱਚ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਆਪਣੀ ਸਿੱਖਿਆ ਪ੍ਰਣਾਲੀ ਨੂੰ ਅੰਗਰੇਜ਼ਾਂ ਨੇ ਤਬਾਹ ਕੀਤਾ ਅਤੇ ਹੁਣ ਸਾਲ 2049 ਅੱਗੇ ਆਉਣਾ ਹੈ, 200 ਸਾਲ ਬਾਅਦ ਲਈ ਅਸੀਂ ਅੱਜ ਤਹੱਈਆ ਕਰਕੇ ਜਾਈਏ ਕਿ ਅਸੀਂ ਆਪਣੀ ਸਿੱਖਿਆ ਪ੍ਰਣਾਲੀ ਨੂੰ ਤਕੜਾ ਅਤੇ ਵੱਡਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗੁਰਸਿੱਖ ਪੜ੍ਹਾਈ ਵਿੱਚ ਅੱਵਲ ਹਨ, ਹਰ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਇਲਾਕੇ ਵਿੱਚ ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰੇ। ਸਿੱਖ ਬੱਚਿਆਂ ਨੂੰ ਚੰਗੇ ਰੁਤਬਿਆਂ ਅਤੇ ਉੱਚੇ ਮੁਕਾਮਾਂ ਉੱਤੇ ਪਹੁੰਚਾਉਣ ਲਈ ਗੁਰਦੁਆਰਾ ਕਮੇਟੀਆਂ ਉਨ੍ਹਾਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਸਿੱਖ ਇਸ ਗੱਲ ਦਾ ਤਹੱਈਆ ਕਰਨ ਕਿ ਕੌਮ ਆਪਣਾ ਕੋਈ ਵੀ ਬੱਚਾ ਸਿੱਖਿਆ ਤੋਂ ਬਿਨਾਂ ਨਹੀਂ ਰਹਿਣ ਦੇਵੇਗੀ ਤਾਂ ਜੋ ਕੌਮ ਪਹਿਲਾਂ ਵਾਂਗ ਪੜ੍ਹੀ ਲਿਖੀ ਬਣੇ।
ਉਨ੍ਹਾਂ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜੋਤ ਗੁਰੂ ਮੰਨਦੇ ਹਨ ਅਤੇ ਚਾਹੁੰਦੇ ਹਨ ਕਿ ਗੁਰੂ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਲਈ ਵਿਸ਼ੇਸ਼ ਕਾਨੂੰਨ ਬਣੇ। ਉਨ੍ਹਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿੱਚ ਕੋਈ ਧਾਰਾ ਨਹੀਂ ਹੈ ਜੇਕਰ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਤਾਂ ਇਹ ਅਪਰਾਧ ਹੈ। ਇਸ ਲਈ ਬੇਅਦਬੀ ਨੂੰ ਰੋਕਣ ਲਈ ਵਿਸ਼ੇਸ਼ ਕਾਨੂੰਨ ਦੀ ਲੋੜ ਹੈ।
ਮਾਰਚ ਮਹੀਨੇ ਹੀ ਮਨਾਇਆ ਜਾਵੇਗਾ ਸ਼ਹੀਦ ਭਾਈ ਤਾਰਾ ਸਿੰਘ ਦਾ ਸ਼ਹੀਦੀ ਦਿਹਾੜਾ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼ਹੀਦ ਭਾਈ ਤਾਰਾ ਸਿੰਘ ਦਾ 300ਵਾਂ ਸਾਲਾ ਸ਼ਹੀਦੀ ਦਿਹਾੜੇ ਇਸੇ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ। ਇਸ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ 8 ਮਾਰਚ ਤੋਂ 12 ਮਾਰਚ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ‘ਗੁਰਸਿਖਾ ਇਕੋ ਪਿਆਰ ਗੁਰਮਿਤਾ ਪੁਤਾ ਭਾਈਆ’ ਖ਼ਾਲਸਈ ਮਾਰਚ ਸਜਾਇਆ ਜਾਵੇਗਾ। ਇਹ ਮਾਰਚ ਤਰਨ ਤਾਰਨ ਦੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਭਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਵਾਂ ਵਿਖੇ ਸੰਪੂਰਨ ਹੋਵੇਗਾ।
ਉਨ੍ਹਾਂ ਕਿਹਾ ਕਿ ਲਾਲਚ ਵੱਸ ਲੋਕਾਂ ਦਾ ਧਰਮ ਪਰਿਵਰਤਨ ਕਰਨ ਦੇ ਮਾਮਲਿਆਂ ਨੂੰ ਠੱਲ੍ਹਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ‘ਗੁਰਸਿਖਾ ਇਕੋ ਪਿਆਰ ਗੁਰਮਿਤਾ ਪੁਤਾ ਭਾਈਆ’ ਲਹਿਰ ਦਾ ਆਗਾਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਕੀਤਾ ਜਾਵੇਗਾ। ਇਹ ਲਹਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਹੋਵੇਗੀ, ਜਿਸ ਤਹਿਤ ਪੰਜਾਬ ਅੰਦਰ ਸਥਿਤ ਤਿੰਨੋਂ ਤਖ਼ਤ ਸਾਹਿਬਾਨ ਤੋਂ ਹਰ ਪਿੰਡ ਹਰ ਸ਼ਹਿਰ ਤੱਕ ਪਹੁੰਚ ਕਰਨ ਲਈ ਇਹ ਉਪਰਾਲੇ ਕੀਤੇ ਜਾਣਗੇ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਆਪਣੀ ਸੰਸਥਾ ਹੈ, ਇਸ ਨੂੰ ਤਕੜਾ ਕਰੀਏ। ਉਨ੍ਹਾਂ ਕਿਹਾ ਕਿ ਇਸ ਸ਼ਾਨਾਮੱਤੀ ਸੰਸਥਾ ਦੇ ਕਾਰਨ ਸਿੱਖ ਇਕੱਠੇ ਹਨ ਅਤੇ ਲੋੜ ਹੈ ਕਿ ਅਸੀਂ ਸ਼੍ਰੋਮਣੀ ਕਮੇਟੀ ਵਿਰੁੱਧ ਕੀਤੀਆਂ ਜਾ ਰਹੀਆਂ ਸਾਜ਼ਸ਼ਾਂ ਨੂੰ ਪਛਾਣੀਏ।
- PTC NEWS