Bathinda News : ਨਾਮਜ਼ਦਗੀ ਰੱਦ ਕਰਨ ਦੇ ਖ਼ਿਲਾਫ਼ ਅਕਾਲੀ ਦਲ ਦਾ ਡੀਸੀ ਦਫ਼ਤਰ ਅੱਗੇ ਜ਼ਬਰਦਸਤ ਪ੍ਰਦਰਸ਼ਨ, ਸਰਕਾਰ ਤੇ ਧੱਕੇਸ਼ਾਹੀ ਦੇ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਰੇਬਾਜ਼ੀ ਕਰਦੇ ਹੋਏ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ।

By  KRISHAN KUMAR SHARMA May 19th 2026 01:53 PM -- Updated: May 19th 2026 01:58 PM

Punjab MC Elections 2025 : ਬਠਿੰਡਾ 'ਚ ਨਗਰ ਨਿਗਮ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਦੇ ਵਿਰੋਧ ਵਿੱਚ ਪਾਰਟੀ ਵਰਕਰਾਂ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਜ਼ਬਰਦਸਤ ਰੋਸ (DC Office Protest) ਪ੍ਰਦਰਸ਼ਨ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸ਼ਹਿਰੀ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ (iqbal Singh Babli Dhillon) ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਅਕਾਲੀ ਵਰਕਰਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਇਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। 

ਹਲਕਾ ਇੰਚਾਰਜ ਨੇ 'ਆਪ' ਸਰਕਾਰ 'ਤੇ ਲਾਏ ਇਲਜ਼ਾਮ

ਪ੍ਰਦਰਸ਼ਨ ਦੌਰਾਨ ਇਕਬਾਲ ਸਿੰਘ ਬਬਲੀ ਢਿੱਲੋਂ ਨੇ ਦੱਸਿਆ ਕਿ ਵਾਰਡ ਨੰਬਰ 15 ਤੋਂ ਅਜੇ ਕੁਮਾਰ, ਵਾਰਡ ਨੰਬਰ 23 ਤੋਂ ਬਿੱਟੂ ਸਿੰਘ ਮਹਿਣਾ ਬਸਤੀ ਅਤੇ ਵਾਰਡ ਨੰਬਰ 36 ਤੋਂ ਹਰਸ਼ ਸੈਣੀ ਦੇ ਨਾਮਜ਼ਦਗੀ ਪੱਤਰ ਬੇਬੁਨਿਆਦ ਇਤਰਾਜ਼ ਲਗਾ ਕੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਆਮ ਆਦਮੀ ਪਾਰਟੀ (AAP Punjab) ਦੇ ਦਬਾਅ ਹੇਠ ਕੀਤੀ ਗਈ ਹੈ ਤਾਂ ਜੋ ਮਜ਼ਬੂਤ ਉਮੀਦਵਾਰਾਂ ਨੂੰ ਚੋਣ ਮੈਦਾਨ ਤੋਂ ਬਾਹਰ ਕੀਤਾ ਜਾ ਸਕੇ।

ਬਬਲੀ ਢਿੱਲੋਂ ਨੇ ਦੋਸ਼ ਲਾਇਆ ਕਿ ਬਿੱਟੂ ਸਿੰਘ ਦੇ ਨਾਮਜ਼ਦਗੀ ਪੱਤਰ ਇਸ ਆਧਾਰ ‘ਤੇ ਰੱਦ ਕੀਤੇ ਗਏ ਕਿ ਉਨ੍ਹਾਂ ਖ਼ਿਲਾਫ਼ ਕੋਰਟ ਕੇਸ ਚੱਲ ਰਿਹਾ ਹੈ, ਜਦਕਿ ਅਸਲ ਹਕੀਕਤ ਇਹ ਹੈ ਕਿ ਉਹ ਕੇਸ ਹਾਲੇ ਅਮਲ ਵਿੱਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਬਹਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਕੁਮਾਰ ਦੇ ਕਾਗਜ਼ ਇਸ ਕਰਕੇ ਰੱਦ ਕੀਤੇ ਗਏ ਕਿ ਐਸਸੀ ਸਰਟੀਫਿਕੇਟ ਨਹੀਂ ਲੱਗਿਆ ਹੋਇਆ, ਜਦਕਿ ਸਰਟੀਫਿਕੇਟ ਪਹਿਲਾਂ ਹੀ ਨਾਮਜ਼ਦਗੀ ਪੱਤਰਾਂ ਨਾਲ ਨੱਥੀ ਕੀਤਾ ਗਿਆ ਸੀ। ਇਸੇ ਤਰ੍ਹਾਂ ਹਰਸ਼ ਸੈਣੀ ਦੇ ਨਾਮਜ਼ਦਗੀ ਪੱਤਰਾਂ ‘ਤੇ ਇਹ ਇਤਰਾਜ਼ ਲਾਇਆ ਗਿਆ ਕਿ ਉਨ੍ਹਾਂ ਦੇ ਪਿਤਾ ਵੀ ਚੋਣ ਲੜ ਰਹੇ ਹਨ। ਬਬਲੀ ਢਿੱਲੋਂ ਨੇ ਕਿਹਾ ਕਿ ਇਹ ਸਾਰੇ ਇਤਰਾਜ਼ ਬਿਲਕੁਲ ਬੇਬੁਨਿਆਦ ਹਨ ਅਤੇ ਕਾਨੂੰਨੀ ਤੌਰ ‘ਤੇ ਕੋਈ ਠੋਸ ਆਧਾਰ ਨਹੀਂ ਰੱਖਦੇ।

ਅਕਾਲੀ ਆਗੂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਸਰਕਾਰ ਦੇ ਦਬਾਅ ਹੇਠ ਆ ਕੇ ਘਿਨੌਣੀ ਹਰਕਤ ਕੀਤੀ ਹੈ ਅਤੇ ਲੋਕਤੰਤਰ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਾਮਲੇ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਲੈ ਕੇ ਜਾਵੇਗਾ ਅਤੇ ਜਲਦ ਹੀ ਰਿਟ ਪਟੀਸ਼ਨ ਦਾਇਰ ਕੀਤੀ ਜਾਵੇਗੀ।

ਬਬਲੀ ਢਿੱਲੋਂ ਨੇ ਕਿਹਾ ਕਿ ਜਿਨ੍ਹਾਂ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ, ਉਹ ਚੋਣ ਜਿੱਤਣ ਦੀ ਮਜ਼ਬੂਤ ਸਥਿਤੀ ਵਿੱਚ ਸਨ। ਇਸ ਲਈ ਵਿਰੋਧੀ ਧਿਰ ਦੇ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨਗਰ ਨਿਗਮ ਵਿੱਚ ਆਪਣੀ ਪਕੜ ਬਣਾਈ ਰੱਖਣ ਅਤੇ ਭ੍ਰਿਸ਼ਟਾਚਾਰ ਨੂੰ ਜਾਰੀ ਰੱਖਣ ਲਈ ਅਜਿਹੀਆਂ ਹਰਕਤਾਂ ਕਰਵਾ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼ਹਿਰ ਦੀ ਜਨਤਾ ਇਸ ਧੱਕੇਸ਼ਾਹੀ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਦੇਵੇਗੀ ਅਤੇ ਲੋਕਤੰਤਰ ਨੂੰ ਕੁਚਲਣ ਵਾਲਿਆਂ ਨੂੰ ਸਬਕ ਸਿਖਾਇਆ ਜਾਵੇਗਾ। ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਉਸ ਸਮੇਂ ਅਜਿਹੀ ਧੱਕੇਸ਼ਾਹੀ ਕਰਨ ਵਾਲੇ ਅਧਿਕਾਰੀਆਂ ਨੂੰ ਆਪਣੇ ਕੀਤੇ ਦਾ ਹਰਜਾਨਾ ਭੁਗਤਣਾ ਪਵੇਗਾ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗੁਰਸੇਵਕ ਸਿੰਘ ਮਾਨ, ਗੁਰਪ੍ਰੀਤ ਸਿੰਘ ਸੰਧੂ ਸਮੇਤ ਪਾਰਟੀ ਦੀ ਸਮੁੱਚੀ ਸ਼ਹਿਰੀ ਲੀਡਰਸ਼ਿਪ ਅਤੇ ਵੱਡੀ ਗਿਣਤੀ ਵਿੱਚ ਵਰਕਰ ਮੌਜੂਦ ਸੀ।

Related Post