Samana : ਚਾਰ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ ਨੇ ਦੋਸਤਾਂ ਤੇ ਸਲਵਿੰਦਰ ਸਿੰਘ ਨੂੰ ਨਸ਼ੇ ਦੇ ਕੇ ਮਾਰਨ ਦੇ ਲਾਏ ਇਲਜ਼ਾਮ
Samana News : ਪਰਿਵਾਰਕ ਮੈਂਬਰਾਂ ਮੁਤਾਬਕ ਸਲਵਿੰਦਰ ਸਿੰਘ ਕੰਮ ਕਾਰ ਕਰਕੇ ਸ਼ਾਮ ਨੂੰ ਘਰ ਵਾਪਸ ਆਇਆ ਸੀ। ਇਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨ ਉਸਨੂੰ ਆਪਣੇ ਨਾਲ ਜਾਣ ਲਈ ਆਵਾਜ਼ਾਂ ਮਾਰਣ ਲੱਗੇ। ਮਾਂ ਅਤੇ ਭੈਣਾਂ ਨੇ ਉਸਨੂੰ ਜਾਣ ਤੋਂ ਰੋਕਿਆ, ਪਰ ਦੋਵੇਂ ਨੌਜਵਾਨ ਜ਼ਬਰਦਸਤੀ ਉਸਨੂੰ ਆਪਣੇ ਨਾਲ ਲੈ ਗਏ।
Samana : ਸਮਾਣਾ ਦੇ ਪਿੰਡ ਮਰੋੜੀ ਵਿੱਚ ਨਸ਼ੇ ਦੇ ਕਥਿਤ ਓਵਰਡੋਜ਼ (Drug Overdose) ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਸਲਵਿੰਦਰ ਸਿੰਘ ਉਰਫ਼ ਕਾਲਾ ਆਪਣੇ ਘਰ ਦਾ ਇਕਲੌਤਾ ਪੁੱਤ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਔਰਤ ਸਮੇਤ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਪਿੰਡ ਦੇ ਦੋ ਨੌਜਵਾਨ ਲੈ ਕੇ ਗਏ ਸਨ ਸਲਵਿੰਦਰ ਸਿੰਘ ਨੂੰ
ਪਰਿਵਾਰਕ ਮੈਂਬਰਾਂ ਮੁਤਾਬਕ ਸਲਵਿੰਦਰ ਸਿੰਘ ਕੰਮ ਕਾਰ ਕਰਕੇ ਸ਼ਾਮ ਨੂੰ ਘਰ ਵਾਪਸ ਆਇਆ ਸੀ। ਇਸ ਦੌਰਾਨ ਪਿੰਡ ਦੇ ਹੀ ਦੋ ਨੌਜਵਾਨ ਉਸਨੂੰ ਆਪਣੇ ਨਾਲ ਜਾਣ ਲਈ ਆਵਾਜ਼ਾਂ ਮਾਰਣ ਲੱਗੇ। ਮਾਂ ਅਤੇ ਭੈਣਾਂ ਨੇ ਉਸਨੂੰ ਜਾਣ ਤੋਂ ਰੋਕਿਆ, ਪਰ ਦੋਵੇਂ ਨੌਜਵਾਨ ਜ਼ਬਰਦਸਤੀ ਉਸਨੂੰ ਆਪਣੇ ਨਾਲ ਲੈ ਗਏ।
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਰਾਤ 11 ਵਜੇ ਤੱਕ ਵੀ ਸਲਵਿੰਦਰ ਘਰ ਵਾਪਸ ਨਾ ਆਇਆ ਤਾਂ ਉਹਨਾਂ ਨੇ ਉਸਦੀ ਭਾਲ ਸ਼ੁਰੂ ਕੀਤੀ। ਭਾਲ ਦੌਰਾਨ ਸਲਵਿੰਦਰ ਪਿੰਡ ਦੇ ਹੀ ਕੁਝ ਨੌਜਵਾਨਾਂ ਦੇ ਘਰ ਵਿੱਚ ਬੇਹੋਸ਼ ਹਾਲਤ ਵਿੱਚ ਮਿਲਿਆ। ਪਰਿਵਾਰਕ ਮੈਂਬਰ ਉਸਨੂੰ ਤੁਰੰਤ ਸਮਾਣਾ ਦੇ ਸਰਕਾਰੀ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਟੀਕਾ ਲਾ ਕੇ ਮਾਰਿਆ ਸਾਡਾ ਭਰਾ : ਭੈਣਾਂ
ਮ੍ਰਿਤਕ ਦੀਆਂ ਭੈਣਾਂ ਕਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਦੋਸ਼ ਲਾਇਆ ਕਿ ਉਹਨਾਂ ਦੇ ਭਰਾ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰਿਆ ਗਿਆ ਹੈ। ਉਹਨਾਂ ਨੇ ਇਹ ਵੀ ਆਰੋਪ ਲਗਾਏ ਕਿ ਕਥਿਤ ਦੋਸ਼ੀ ਪਿੰਡ ਵਿੱਚ ਨਸ਼ਾ ਵੇਚਣ ਦਾ ਕੰਮ ਕਰਦੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਸਲਵਿੰਦਰ ਕਦੇ-ਕਦੇ ਸ਼ਰਾਬ ਪੀ ਲੈਂਦਾ ਸੀ, ਪਰ ਉਹ ਚਿੱਟੇ ਦਾ ਨਸ਼ਾ ਨਹੀਂ ਕਰਦਾ ਸੀ।
ਪਰਿਵਾਰ ਮੁਤਾਬਕ ਮ੍ਰਿਤਕ ਦਾ ਮੋਟਰਸਾਈਕਲ ਵੀ ਕਥਿਤ ਦੋਸ਼ੀਆਂ ਦੇ ਘਰ ਤੋਂ ਮਿਲਿਆ, ਜਿਸ ਨਾਲ ਉਹਨਾਂ ਦਾ ਸ਼ੱਕ ਹੋਰ ਵੱਧ ਗਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਨਸ਼ਾ ਵੇਚਣ ਵਾਲੇ ਤੱਤਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁਝੇ।