ਗੁਰਦੁਆਰਾ ਸਾਹਿਬ ਵਿਖੇ ਲੰਗਰ ਹਾਲ ਦੀ ਦੂਸਰੀ ਇਮਾਰਤ ਵੀ ਹੋਵੇਗੀ ਤਿਆਰ : ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲੇ
ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ’ਚ ਲੰਗਰ ਹਾਲ ਦੀ ਦੂਸਰੀ ਇਮਾਰਤ ਵੀ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ।

ਪਟਿਆਲਾ: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਦੀ ਯੋਗ ਅਗਵਾਈ ’ਚ ਲੰਗਰ ਹਾਲ ਦੀ ਦੂਸਰੀ ਇਮਾਰਤ ਵੀ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਬਾਬਾ ਇੰਦਰ ਸਿੰਘ ਕਾਰ ਸੇਵਾ ਵਾਲਿਆਂ ਨੇ ਪਹਿਲੀ ਇਮਾਰਤ ਦੇ ਪਾਏ ਗਏ ਲੈਂਟਰ ਨੂੰ ਮੁਕੰਮਲ ਕੀਤੇ ਜਾਣ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਨਵੇਂ ਲੰਗਰ ਹਾਲ ਦੀ ਪਹਿਲੀ ਇਮਾਰਤ ਦਾ ਲਗਭਗ ਕਾਰਜ ਮੁਕੰਮਲ ਕਰ ਲਿਆ ਗਿਆ ਹੈ ਅਤੇ ਦੂਸਰੀ ਇਮਾਰਤ ਨੂੰ ਜਲਦ ਤਿਆਰ ਕਰ ਲਿਆ ਜਾਵੇਗਾ।
ਦੂਸਰੀ ਇਮਾਰਤ ਦੀ ਕਾਰ ਸੇਵਾ ਦੀ ਸ਼ੁਰੂਆਤ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਵੱਲੋਂ ਕੀਤੀ ਅਰਦਾਸ ਉਪਰੰਤ ਕੀਤੀ ਗਈ। ਇਸ ਮੌਕੇ ਮੈਨੇਜਰ ਜਰਨੈਲ ਸਿੰਘ ਮੁਕਤਸਰੀ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਨਿਰਮਾਣ ਕਾਰਜਾਂ ਦੀ ਸੇਵਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੌਂਪੀ ਗਈ ਹੈ ਅਤੇ ਪ੍ਰਬੰਧ ਅਧੀਨ ਚੱਲ ਰਹੇ ਵੱਖ ਵੱਖ ਕਾਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਨਵੀਨੀਕਰਨ ’ਤੇ 2.50 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਕਾਰਜ ਮੁਕੰਮਲ ਕਰਨ ਉਪਰੰਤ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਲੰਗਰ ਹਾਲ ਦੇ ਨਵੀਨੀਕਰਨ ਕੀਤੇ ਜਾਣ ਦੇ ਚੱਲਦਿਆਂ ਲੰਗਰੀ ਹਾਲ ਦੀ ਪਹਿਲੀ ਇਮਾਰਤ ਦਾ ਕੰਮ ਮੁਕੰਮਲ ਕਰਕੇ ਦੂਸਰੀ ਇਮਾਰਤ ਨੂੰ ਤਿਆਰ ਕੀਤੇ ਜਾਣ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ, ਐਡੀਸ਼ਨਲ ਮੈਨੇਜਰ ਕਰਨੈਲ ਸਿੰਘ, ਮੀਤ ਮੈਨੇਜਰ ਗੁਰਮੀਤ ਸਿੰਘ, ਹਰਵਿੰਦਰ ਸਿੰਘ ਕਾਹਲਵਾਂ, ਸਰਬਜੀਤ ਸਿੰਘ, ਅਕਾਊਟੈਂਟ ਵਰਿੰਦਰ ਸਿੰਘ ਗੋਲਡੀ, ਆਤਮ ਪ੍ਰਕਾਸ਼ ਸਿੰਘ ਬੇਦੀ, ਗੁਰਤੇਜ ਸਿੰਘ, ਜਸਦੀਪ ਸਿੰਘ ਰਾਮਗੜ੍ਹ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਮੂਹ ਸਟਾਫ ਮੈਂਬਰ ਸ਼ਾਮਲ ਸਨ।