ਮਣੀਪੁਰ 'ਚ ਸੀਨੀਅਰ ਪੁਲਿਸ ਅਧਿਕਾਰੀ ਅਗਵਾ, ਬੁਲਾਈ ਗਈ ਫੌਜ

By  Jasmeet Singh February 28th 2024 01:30 PM

Manipur Police Officer Kidnapped:ਇੱਕ ਸੀਨੀਅਰ ਪੁਲਿਸ ਅਧਿਕਾਰੀ ਦੇ ਅਗਵਾ ਹੋਣ ਤੋਂ ਬਾਅਦ ਮਣੀਪੁਰ ਵਿੱਚ ਤਣਾਅ ਹੋਰ ਵਧ ਗਿਆ ਹੈ। ਜਿਸ ਤੋਂ ਬਾਅਦ ਫੌਜ ਨੂੰ ਬੁਲਾਇਆ ਗਿਆ ਹੈ। ਇੰਨਾ ਹੀ ਨਹੀਂ ਆਸਾਮ ਰਾਈਫਲਜ਼ ਦੇ ਚਾਰ ਟੁਕੜੀਆਂ ਵੀ ਇੰਫਾਲ ਪੂਰਬੀ ਜ਼ਿਲੇ 'ਚ ਤਾਇਨਾਤ ਕਰਨੇ ਪਏ। ਦੱਸਣਯੋਗ ਹੈ ਕਿ ਮੈਤਈ ਸਮੂਹ ਦੇ ਕਾਡਰਾਂ ਨੇ ਅਰਾਮਬਾਈ ਟੇਂਗੋਲ ਪੁਲਿਸ ਅਧਿਕਾਰੀ ਨੂੰ ਉਸਦੇ ਘਰ ਤੋਂ ਅਗਵਾ ਕਰ ਲਿਆ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਅਗਵਾ ਕੀਤਾ ਗਿਆ ਵਧੀਕ ਪੁਲਿਸ ਸੁਪਰਡੈਂਟ ਅਮਿਤ ਕੁਮਾਰ ਮਣੀਪੁਰ ਪੁਲਿਸ ਦੇ ਆਪਰੇਸ਼ਨ ਵਿੰਗ ਵਿੱਚ ਤਾਇਨਾਤ ਹੈ। ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਅਧਿਕਾਰੀ ਨੂੰ ਛੁਡਵਾ ਲਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਚੋਰੀ ਦੇ ਮਾਮਲੇ 'ਚ ਗ੍ਰਿਫ਼ਤਾਰੀ ਨੂੰ ਲੈ ਕੇ ਹੋਇਆ ਹਮਲਾ 

ਘਟਨਾ ਦੀ ਵਿਸਤ੍ਰਿਤ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਨੂੰ ਮੰਗਲਵਾਰ ਸ਼ਾਮ ਸੱਤ ਵਜੇ ਅਗਵਾ ਕਰ ਲਿਆ ਗਿਆ ਸੀ। ਅਰਾਮਬਾਈ ਟੇਂਗੋਲ ਦੇ ਕਾਡਰਾਂ ਨੇ ਇੰਫਾਲ ਪੂਰਬੀ ਵਿੱਚ ਕੁਮਾਰ ਦੇ ਘਰ 'ਤੇ ਹਮਲਾ ਕੀਤਾ ਅਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਕੁਮਾਰ ਨੇ ਇਸ ਗਰੋਹ ਦੇ 6 ਲੋਕਾਂ ਨੂੰ ਵਾਹਨ ਚੋਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ, ਜਿਸ ਕਾਰਨ ਉਨ੍ਹਾਂ 'ਤੇ ਹਮਲਾ ਹੋਇਆ ਸੀ।

ਰਾਜ ਸਰਕਾਰ ਨੂੰ ਮੰਗਣੀ ਪਈ ਫੌਜ ਤੋਂ ਮਦਦ 

ਹਮਲੇ ਅਤੇ ਬਚਾਅ ਯਤਨਾਂ ਤੋਂ ਬਾਅਦ ਸਥਿਤੀ ਵਿਗੜ ਗਈ ਅਤੇ ਰਾਜ ਸਰਕਾਰ ਨੂੰ ਫੌਜ ਦੀ ਮਦਦ ਲੈਣੀ ਪਈ। ਅਧਿਕਾਰੀਆਂ ਨੇ ਦੱਸਿਆ ਕਿ ਆਸਾਮ ਰਾਈਫਲਜ਼ ਦੀਆਂ ਚਾਰ ਟੁਕੜੀਆਂ ਮੰਗਵਾਈਆਂ ਗਈਆਂ ਅਤੇ ਉਸ ਇਲਾਕੇ ਦੇ ਆਲੇ-ਦੁਆਲੇ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਖਬਰਾਂ ਵੀ ਪੜ੍ਹੋ:

Related Post