LNJP ਹਸਪਤਾਲ ਦਾ ਸ਼ਰਮਨਾਕ ਕਾਰਾ : ਨਵਜੰਮੇ ਬੱਚੇ ਨੂੰ ਮ੍ਰਿਤਕ ਦੱਸ ਡੱਬੇ ਚ ਪੈਕ ਕਰਕੇ ਭੇਜਿਆ!
ਨਵੀਂ ਦਿੱਲੀ : ਲੋਕਨਾਇਕ ਹਸਪਤਾਲ (LNJP) ਦੀ ਵੱਡੀ ਲਾਪਰਵਾਹੀ ਤੇ ਸ਼ਰਮਨਾਕ ਕਾਰਾ ਸਾਹਮਣੇ ਆ ਰਿਹਾ ਹੈ। ਇਲਜ਼ਾਮ ਹੈ ਕਿ ਇੱਥੇ ਡਾਕਟਰਾਂ ਨੇ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਕੇ ਇਕ ਡੱਬੇ ਵਿਚ ਪਾ ਕੇ ਪਰਿਵਾਰ ਨੂੰ ਸੌਂਪ ਦਿੱਤਾ। ਜਦੋਂ ਪਰਿਵਾਰ ਵਾਲਿਆਂ ਨੇ ਘਰ ਪਹੁੰਚ ਕੇ ਡੱਬਾ ਖੋਲ੍ਹਿਆ ਤਾਂ ਲੜਕੀ ਹੱਥ ਹਿਲਾ ਰਹੀ ਸੀ, ਜਿਸ ਨੂੰ ਦੇਖ ਕੇ ਸਾਰਾ ਪਰਿਵਾਰ ਹੈਰਾਨ ਰਹਿ ਗਿਆ ਅਤੇ ਤੁਰੰਤ ਉਸ ਨੂੰ ਹਸਪਤਾਲ ਲੈ ਗਿਆ ਪਰ ਡਾਕਟਰਾਂ ਨੇ ਉਸ ਨੂੰ ਜ਼ਿੰਦਾ ਮੰਨਣ ਤੋਂ ਇਨਕਾਰ ਕਰ ਦਿੱਤਾ।
ਵਿਵਾਦ ਭਖਣ 'ਤੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਬੁਲਾਇਆ। ਕਾਫੀ ਹੰਗਾਮੇ ਤੋਂ ਬਾਅਦ ਪੁਲਿਸ ਦੇ ਦਬਾਅ ਹੇਠ ਬੱਚੀ ਨੂੰ ਹਸਪਤਾਲ 'ਚ ਵੈਂਟੀਲੇਟਰ 'ਤੇ ਰੱਖਿਆ ਗਿਆ। ਫਿਲਹਾਲ ਬੱਚੀ ਦੀ ਹਾਲਤ ਸਥਿਰ ਹੈ। ਦੂਜੇ ਪਾਸੇ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਕਮੇਟੀ ਨੇ 48 ਘੰਟਿਆਂ 'ਚ ਆਪਣੀ ਰਿਪੋਰਟ ਸੌਂਪਣੀ ਹੈ। ਨਵਜੰਮੇ ਬੱਚੇ ਦੇ ਪਿਤਾ ਅਬਦੁਲ ਮਲਿਕ ਨੇ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਅਰੁਣਾ ਆਸਫ ਅਲੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੇ ਸਰੀਰ 'ਚੋਂ ਪਾਣੀ ਅਤੇ ਖੂਨ ਵਹਿ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਲੋਕਨਾਇਕ ਹਸਪਤਾਲ ਰੈਫਰ ਕਰ ਦਿੱਤਾ। ਉਸ ਨੇ ਦੱਸਿਆ ਕਿ ਉਹ 17 ਫਰਵਰੀ ਨੂੰ ਆਪਣੀ ਪਤਨੀ ਨਾਲ ਲੋਕਨਾਇਕ ਹਸਪਤਾਲ ਆਇਆ ਸੀ। ਇੱਥੇ ਐਤਵਾਰ ਸ਼ਾਮ ਨੂੰ ਪਤਨੀ ਨੇ ਬੱਚੀ ਨੂੰ ਜਨਮ ਦਿੱਤਾ।
ਡਾਕਟਰਾਂ ਨੇ ਨਵਜੰਮੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਡੱਬਾ ਲਿਆਉਣ ਲਈ ਕਿਹਾ ਪਰ ਪਤਨੀ ਨੇ ਕਿਹਾ ਕਿ ਬੱਚਾ ਜ਼ਿੰਦਾ ਹੈ ਅਤੇ ਹੱਥ ਹਿਲਾ ਰਹੀ ਹੈ ਪਰ ਉਸ ਦੀ ਗੱਲ ਨਹੀਂ ਸੁਣੀ ਅਤੇ ਪਰਿਵਾਰਕ ਮੈਂਬਰ ਨੂੰ ਅੰਦਰ ਬੁਲਾਇਆ। ਬਾਅਦ ਵਿਚ ਇਕ ਡੱਬਾ ਮੰਗਵਾਇਆ ਗਿਆ ਅਤੇ ਪੈਕ ਕਰਕੇ ਨਵਜੰਮੇ ਬੱਚੇ ਨੂੰ ਸੌਂਪ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਜਦੋਂ ਉਹ ਨਵਜੰਮੇ ਬੱਚੇ ਨੂੰ ਲੈ ਕੇ ਘਰ ਪਹੁੰਚਿਆ ਤੇ ਡੱਬਾ ਖੋਲ੍ਹਿਆ ਤਾਂ ਬੱਚੀ ਹੱਥ ਹਿਲਾ ਰਹੀ ਸੀ। ਅਬਦੁਲ ਨੇ ਦੱਸਿਆ ਕਿ ਉਸੇ ਸਮੇਂ ਉਹ ਬੱਚੀ ਨੂੰ ਲੈ ਕੇ ਹਸਪਤਾਲ ਪਹੁੰਚਿਆ ਪਰ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ 'ਲਲਕਾਰਨ' ਵਾਲੇ ਹੈੱਡ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਕਾਫੀ ਹੰਗਾਮੇ ਤੋਂ ਬਾਅਦ ਪੁਲਿਸ ਦੇ ਦਬਾਅ ਹੇਠ ਨਵਜੰਮੇ ਬੱਚੇ ਨੂੰ ਦਾਖਲ ਕਰਵਾਇਆ ਗਿਆ ਹੈ। ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਹਸਪਤਾਲ 'ਚ ਹੋਈ ਲਾਪਰਵਾਹੀ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਦੋ ਦਿਨਾਂ ਵਿਚ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ। ਰਿਪੋਰਟ ਦੇ ਆਧਾਰ ਉਤੇ ਦੋਸ਼ੀ ਸਬੰਧਤ ਸਿਹਤ ਮੁਲਾਜ਼ਮ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸਿਹਤ ਵਿਭਾਗ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।
ਦਫ਼ਨਾਉਣ ਦੀ ਕਰ ਲਈ ਸੀ ਤਿਆਰੀ
ਪਿਤਾ ਅਬਦੁਲ ਦੀ ਮੰਨੀਏ ਤਾਂ ਡਾਕਟਰਾਂ ਤੋਂ ਸੂਚਨਾ ਮਿਲਣ ਤੋਂ ਬਾਅਦ ਘਰ 'ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰ ਘਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਬੱਚੀ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਸਨ। ਘਰ ਪਹੁੰਚ ਕੇ ਇਕ ਵਾਰ ਜਦੋਂ ਉਸ ਨੇ ਬੱਚੇ ਦਾ ਚਿਹਰਾ ਦੇਖਣ ਲਈ ਡੱਬਾ ਖੋਲ੍ਹਿਆ ਤਾਂ ਉਸ ਦੇ ਹੱਥ ਹਿਲਦੇ ਨਜ਼ਰ ਆਏ, ਬੱਚੇ ਨੂੰ ਜ਼ਿੰਦਾ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।