ਨਿਕਾਰਾਗੁਆ ਦੀ ਸ਼ੇਨਿਸ ਪਲਾਸੀਓਸ ਮਿਸ ਯੂਨੀਵਰਸ 2023 ਬਣੀ, ਭਾਰਤ ਦੀ ਸ਼ਵੇਤਾ ਦਾ ਕਿਹੜਾ ਸਥਾਨ ਹੈ?

By  Jasmeet Singh November 19th 2023 11:22 AM -- Updated: November 19th 2023 11:25 AM

ਪੀਟੀਸੀ ਨਿਊਜ਼ ਡੈਸਕ: ਨਿਕਾਰਾਗੁਆ ਦੀ ਸ਼ੇਨਿਸ ਪਲਾਸੀਓਸ ਮਿਸ ਯੂਨੀਵਰਸ 2023 ਬਣ ਗਈ ਹੈ। 72ਵਾਂ ਮਿਸ ਯੂਨੀਵਰਸ ਮੁਕਾਬਲਾ ਐਲ ਸੈਲਵਾਡੋਰ ਦੇ ਜੋਸ ਅਡੋਲਫੋ ਪਿਨੇਡਾ ਅਰੇਨਾ ਵਿਖੇ ਆਯੋਜਿਤ ਕੀਤਾ ਗਿਆ। ਮਿਸ ਯੂਨੀਵਰਸ 2022 ਦੀ ਜੇਤੂ ਆਰ'ਬੋਨੀ ਗੈਬਰੀਅਲ ਨੇ ਸ਼ੇਨਿਸ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਾਇਆ। ਸ਼ੇਨਿਸ ਪਲਾਸੀਓਸ ਮਿਸ ਯੂਨੀਵਰਸ ਜਿੱਤਣ ਵਾਲੀ ਪਹਿਲੀ ਨਿਕਾਰਾਗੁਆਨ ਮੁੱਟਿਆਰ ਹੈ।


ਦੱਸ ਦੇਈਏ ਕਿ ਨਿਕਾਰਾਗੁਆ, ਆਸਟ੍ਰੇਲੀਆ ਅਤੇ ਥਾਈਲੈਂਡ ਨੇ ਟਾਪ 3 ਵਿੱਚ ਥਾਂ ਬਣਾਈ ਸੀ ਪਰ ਸ਼ੇਨਿਸ ਪਲਾਸੀਓਸ ਨੇ ਇਹ ਮੁਕਾਬਲਾ ਜਿੱਤਿਆ ਅਤੇ ਮਿਸ ਯੂਨੀਵਰਸ 2023 ਬਣੀ। ਭਾਰਤੀ ਉਮੀਦਵਾਰ ਸ਼ਵੇਤਾ ਸ਼ਾਰਦਾ ਨੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਸੀ ਅਤੇ ਫਿਰ ਉਹ ਸਿਖਰਲੇ 20 ਵਿੱਚ ਸੀ, ਪਰ ਉਹ ਫਾਈਨਲ 'ਚ ਜਗ੍ਹਾ ਨਹੀਂ ਬਣਾ ਸਕੀ ਸੀ।


ਭਾਰਤ ਦੀ ਸ਼ਵੇਤਾ ਸ਼ਾਰਦਾ
ਦੱਸ ਦੇਈਏ ਕਿ ਇਸ ਸੁੰਦਰਤਾ ਮੁਕਾਬਲੇ ਵਿੱਚ ਟਾਪ 20 ਵਿੱਚ ਥਾਂ ਬਣਾਉਣ ਵਾਲੀ ਸ਼ਵੇਤਾ ਸ਼ਾਰਦਾ ਚੰਡੀਗੜ੍ਹ ਵਿੱਚ ਪੈਦਾ ਹੋਈ 23 ਸਾਲਾ ਮਾਡਲ ਹੈ, ਜਿਸ ਨੂੰ ਮਿਸ ਦੀਵਾ ਯੂਨੀਵਰਸ ਦਾ ਤਾਜ ਪਹਿਨਾਇਆ ਗਿਆ ਸੀ। ਪਿਛਲੇ ਸਾਲ ਸ਼ਵੇਤਾ ਨੇ ਸਖ਼ਤ ਮੁਕਾਬਲੇ ਵਿੱਚ 15 ਹੋਰ ਪ੍ਰਤੀਯੋਗੀਆਂ ਨੂੰ ਹਰਾ ਮੁੰਬਈ ਵਿੱਚ ਮਿਸ ਦੀਵਾ ਯੂਨੀਵਰਸ ਦਾ ਖਿਤਾਬ ਜਿੱਤਿਆ।

ਉਸ ਨੇ ਇਹ ਸਨਮਾਨ ਪਿਛਲੇ ਸਾਲ ਦੀ ਜੇਤੂ ਦਿਵਿਤਾ ਰਾਏ ਤੋਂ ਪ੍ਰਾਪਤ ਕੀਤਾ। ਸ਼ਾਰਦਾ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ ਪਰ ਉਹ 16 ਸਾਲ ਦੀ ਉਮਰ ਵਿੱਚ ਮੁੰਬਈ ਆ ਗਈ ਸੀ। ਉਸਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਕੀਤੀ ਹੈ ਅਤੇ ਪੇਸ਼ੇ ਤੋਂ ਇੱਕ ਮਾਡਲ ਦੇ ਨਾਲ-ਨਾਲ ਇੱਕ ਡਾਂਸਰ ਵੀ ਹੈ।

Related Post