ਸ੍ਰੀ ਦਰਬਾਰ ਸਾਹਿਬ 'ਤੇ ਵਿਵਾਦਿਤ ਬਿਆਨ ਦੇਣ ਵਾਲਾ ਸ਼ਿਵ ਸੈਨਾ ਆਗੂ ਗ੍ਰਿਫ਼ਤਾਰ, ਭੇਜਿਆ ਜੇਲ੍ਹ

By  Jasmeet Singh November 19th 2022 04:51 PM -- Updated: November 19th 2022 05:14 PM

ਗੁਰਦਸਪੁਰ, 19 ਨਵੰਬਰ: ਸ੍ਰੀ ਦਰਬਾਰ ਸਾਹਿਬ 'ਤੇ ਵਿਵਾਦਤ ਬਿਆਨ ਦੇਣ ਵਾਲੇ ਸ਼ਿਵ ਸੈਨਾ ਬਾਲ ਠਾਕਰੇ ਦੇ ਜ਼ਿਲ੍ਹਾ ਉਪ ਪ੍ਰਧਾਨ ਹਰਵਿੰਦਰ ਸੋਨੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਸੀ.ਜੇ.ਐਮ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਮੁਲਜ਼ਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

ਸਿੱਖ ਜਥੇਬੰਦੀਆਂ ਨੇ ਘੇਰਿਆ SSP ਦਫ਼ਤਰ 

ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਦਿੱਤੇ ਗਏ ਵਿਵਾਦਿਤ ਬਿਆਨ ਤੋਂ ਬਾਅਦ ਹਰਵਿੰਦਰ ਸੋਨੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਵੱਲੋਂ ਐਸ.ਐਸ.ਪੀ ਦਫ਼ਤਰ (ਗੁਰਦਾਸਪੁਰ) ਵਿਖੇ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਸੀ ਜਦੋਂ ਕੁੱਝ ਨਿਹੰਗ ਸਿੰਘ ਜੱਥੇਬੰਦੀਆਂ ਨੇ ਸੋਨੀ ਦੇ ਘਰ ਵੱਲ ਨੂੰ ਚਾਲੇ ਪਾ ਦਿੱਤੇ ਸਨ।

ਸ਼ਿਵ ਸੈਨਾ ਆਗੂ 'ਤੇ ਮਾਮਲਾ ਦਰਜ

ਸਿੱਖ ਜਥੇਬੰਦੀਆਂ ਨੇ ਆਪਣਾ ਧਰਨਾ ਜਾਰੀ ਰੱਖਿਆ। ਇਸ ਦੌਰਾਨ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਮੁਆਫ਼ੀ ਵੀ ਮੰਗ ਲਈ ਗਈ ਅਤੇ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵੱਲੋਂ ਸੋਨੀ ਨੂੰ ਸ਼ਿਵ ਸੈਨਾ ਵਿਚੋਂ ਬਾਹਰ ਕੱਢਣ ਦਾ ਪੱਤਰ ਵੀ ਜਾਰੀ ਕੀਤਾ ਗਿਆ ਪਰ ਇਸ ਦੇ ਬਾਵਜੂਦ ਸਿੱਖ ਜੱਥੇਬੰਦੀਆਂ ਸੋਨੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ 'ਤੇ ਅੜੀਆ ਰਹੀਆਂ ਅਤੇ ਆਪਣਾ ਧਰਨਾ ਜਾਰੀ ਰੱਖਿਆ। 

ਲਗਾਤਾਰ ਜਾਰੀ ਰੋਸ ਪ੍ਰਦਰਸ਼ਨ ਦੇ 30 ਘੰਟੇ ਦੇ ਅੰਤਰਾਲ ਮਗਰੋਂ 16 ਨਵੰਬਰ ਨੂੰ ਦੇਰ ਸ਼ਾਮ ਗੁਰਦਾਸਪੁਰ ਪੁਲਿਸ ਵੱਲੋਂ ਹਰਵਿੰਦਰ ਸੋਨੀ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਹੇਠ 295ਏ, 504 ਅਤੇ 505 ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। 

Related Post