ਕੱਟੜਵਾਦੀ ਤਾਕਤਾਂ ਦੇ ਨਾਲ ਸਿੱਖਾਂ ਦਾ ਦੂਰ-ਦੂਰ ਤੱਕ ਵੀ ਕੋਈ ਵਾਸਤਾ ਨਹੀਂ: ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ

By  Aarti March 29th 2024 06:27 PM

Singh Sahib Giani Raghbir Singh: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਯੂ.ਕੇ. ਵਿਚ ਕੁਝ ਸਕੂਲਾਂ ਦੇ ਧਾਰਮਿਕ ਸਿੱਖਿਆ ਦੇ ਪਾਠਕ੍ਰਮ ਵਿਚ ਤਾਲਿਬਾਨ ਅਤੇ ਕੂ ਕਲੱਕਸ ਕਲੈਨ ਵਰਗੇ ਕੱਟੜਵਾਦੀ ਸਮੂਹਾਂ ਦੇ ਨਾਲ ਸਿੱਖੀ ਸਰੂਪ ਵਾਲੀਆਂ ਤਸਵੀਰਾਂ ਲਾਏ ਜਾਣ ਦੀ ਘਟਨਾ ਦਾ ਸਖ਼ਤ ਨੋਟਿਸ ਲਿਆ ਹੈ। 

ਉਨ੍ਹਾਂ ਕਿਹਾ ਕਿ ਸਿੱਖ ‘ਸਰਬੱਤ ਦਾ ਭਲਾ’ ਮੰਗਣ ਵਾਲੀ ਪੂਰੀ ਦੁਨੀਆ ਤੋਂ ਵੱਖਰੀ ਅਤੇ ਨਿਆਰੀ ਕੌਮ ਹਨ ਅਤੇ ਤਾਲਿਬਾਨ ਅਤੇ ਕੂ ਕਲੱਕਸ ਕਲੈਨ ਵਰਗੀਆਂ ਕੱਟੜਵਾਦੀ ਤਾਕਤਾਂ ਦੇ ਨਾਲ ਸਿੱਖਾਂ ਦਾ ਦੂਰ-ਦੂਰ ਤੱਕ ਵੀ ਕੋਈ ਵਾਸਤਾ ਨਹੀਂ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਕੀਤੇ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਯੂ.ਕੇ. ਦੇ ਸਕੂਲਾਂ ਦੇ ਪਾਠਕ੍ਰਮ ਵਿਚ ਸਿੱਖੀ ਸਰੂਪ ਨੂੰ ਤਾਲਿਬਾਨ ਦੇ ਨਾਲ ਜੋੜ ਕੇ ਵਿਖਾਏ ਜਾਣ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਬੁਰੀ ਤਰ੍ਹਾਂ ਵਲੂੰਧਰੀਆਂ ਗਈਆਂ ਹਨ।

ਉਨ੍ਹਾਂ ਆਖਿਆ ਕਿ ਬੇਸ਼ੱਕ ਯੂ.ਕੇ. ਦੇ ਸਿੱਖਾਂ ਵਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ ‘ਓਏਸਿਸ ਕਮਿਊਨਿਟੀ ਲਰਨਿੰਗ ਮਲਟੀ ਅਕੈਡਮੀ ਟਰੱਸਟ’ ਵਲੋਂ ਆਪਣੀ ਗਲਤੀ ਲਈ ਮਾਫ਼ੀ ਮੰਗਦਿਆਂ ਇਤਰਾਜ਼ਯੋਗ ਤਰੀਕੇ ਨਾਲ ਲਾਈ ਤਸਵੀਰ ਨੂੰ ਹਟਾਉਣ ਦਾ ਦਾਅਵਾ ਕੀਤਾ ਗਿਆ ਹੈ ਪਰ ਕਿਸੇ ਭੁਲੇਖੇ ਜਾਂ ਗ਼ਲਤੀ ਨਾਲ ਵੀ ਕਿਸੇ ਸਿੱਖ ਦੀ ਤਸਵੀਰ ਨੂੰ ਉਨ੍ਹਾਂ ਸਮੂਹਾਂ ਦੇ ਨਾਲ ਦਿਖਾਇਆ ਜਾਣਾ, ਜਿਨ੍ਹਾਂ ਨੂੰ ਅੱਤਵਾਦ ਅਤੇ ਕਤਲੇਆਮ ਵਰਗੇ ਵਰਤਾਰਿਆਂ ਵਜੋਂ ਪ੍ਰੀਭਾਸ਼ਿਤ ਕੀਤਾ ਜਾਂਦਾ ਹੈ, ਸਿਰਫ ਬੇਬੁਨਿਆਦ ਕਾਰਵਾਈ ਹੀ ਨਹੀਂ, ਬਲਕਿ ਇਹ ਸਿੱਖ ਵਿਰੋਧੀ ਕੱਟੜਤਾ ਦਾ ਖ਼ਤਰਨਾਕ ਰੂਪ ਹੈ, ਜੋ ਵਿਸ਼ਵ-ਵਿਆਪੀ ਸਿੱਖ ਕੌਮ ਦੇ ਭਵਿੱਖ ‘ਤੇ ਦੂਰਗਾਮੀ ਮਾੜੇ ਪ੍ਰਭਾਵ ਪਾਉਂਦੀ ਹੈ। 

ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਹੈ ਕਿ ਉਹ ਭਾਰਤ ਸਥਿਤ ਯੂ.ਕੇ. ਦੂਤਾਵਾਸ ਅਤੇ ਭਾਰਤੀ ਵਿਦੇਸ਼ ਮੰਤਰਾਲੇ ਰਾਹੀਂ ਯੂ.ਕੇ. ਸਰਕਾਰ ਨਾਲ ਸੰਪਰਕ ਕਰਕੇ ਉਸ ਤੱਕ ਸਿੱਖ ਭਾਵਨਾਵਾਂ ਪਹੁੰਚਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੀ ਰੂਪ ਵਿਚ ਸਿੱਖਾਂ ਨੂੰ ਕਿਸੇ ਵੀ ਇਹੋ ਜਿਹੀ ਕਾਰਵਾਈ ਦੇ ਨਾਲ ਨਾ ਜੋੜਿਆ ਜਾਵੇ, ਜਿਸ ਦੇ ਨਾਲ ਸਿੱਖਾਂ ਦੇ ਜੀਣ-ਥੀਣ, ਉਨ੍ਹਾਂ ਦੇ ਰਹਿਣ-ਸਹਿਣ ਅਤੇ ਵਿਚਾਰਧਾਰਾ ਪ੍ਰਤੀ ਵੱਡੇ ਭੁਲੇਖੇ ਖੜ੍ਹੇ ਹੋਣ ਦਾ ਖ਼ਦਸ਼ਾ ਪੈਦਾ ਹੁੰਦਾ ਹੋਵੇ।

ਇਹ ਵੀ ਪੜ੍ਹੋ: SGPC Budget Session 2024-25: ਜਰਨਲ ਇਜਲਾਸ ’ਚ ਪਾਸ ਕੀਤੇ ਗਏ ਇਹ ਮਤੇ, ਬੇਅਦਬੀ ਮਾਮਲੇ ’ਚ ਹਨੀਪ੍ਰੀਤ ਦੀ ਗ੍ਰਿਫਤਾਰੀ ਦੀ ਮੰਗ

Related Post