Tarn Taran Horror : ਲਾਅ ਕਾਲਜ 'ਚ ਵਿਦਿਆਰਥਣ ਨੂੰ ਗੋਲੀ ਮਾਰਨ ਵਾਲੇ ਦੀ ਹਾਲਤ ਗੰਭੀਰ, ਕਤਲ ਪਿੱਛੋਂ ਨੌਜਵਾਨ ਨੇ ਖੁਦ ਨੂੰ ਵੀ ਮਾਰੀ ਸੀ ਗੋਲੀ
Tarn Taran Law Student Murder Case : ਤਰਨਤਾਰਨ ਦੇ ਇੱਕ ਲਾਅ ਕਾਲਜ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੀ ਕਲਾਸ ਦੀ ਇੱਕ ਵਿਦਿਆਰਥਣ ਨੂੰ ਗੋਲੀ ਮਾਰ ਕੇ ਖੁਦ ਨੂੰ ਵੀ ਗੋਲੀ ਮਾਰ ਲਈ ਗਈ ਸੀ। ਇਸ ਘਟਨਾ ਦੌਰਾਨ ਵਿਦਿਆਰਥਣ ਸੰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਮੁੰਡੇ ਪ੍ਰਿੰਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤਰਨਤਾਰਨ ਪੁਲਿਸ ਵੱਲੋਂ ਪ੍ਰਿੰਸ ਖ਼ਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ।
ਪ੍ਰਿੰਸ ਦੀ ਗੰਭੀਰ ਹਾਲਤ ਨੂੰ ਲੈ ਕੇ ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਿੰਟੈਂਡੈਂਟ ਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਤਰਨਤਾਰਨ ਵਿੱਚ ਹੋਈ ਘਟਨਾ ਤੋਂ ਬਾਅਦ ਜ਼ਖ਼ਮੀ ਪ੍ਰਿੰਸ ਨੂੰ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਪ੍ਰਿੰਸ ਨੂੰ ਸੀਟੀ ਸਕੈਨ ਲਈ ਲਿਜਾਇਆ ਗਿਆ ਹੈ। ਕਰਮਜੀਤ ਸਿੰਘ ਮੁਤਾਬਕ ਉਸ ਦੀ ਹਾਲਤ ਬਹੁਤ ਹੀ ਨਾਜ਼ੁਕ ਬਣੀ ਹੋਈ ਹੈ ਅਤੇ ਆਉਣ ਵਾਲੇ 24 ਘੰਟੇ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਗੋਲੀ ਅਜੇ ਵੀ ਉਸ ਦੇ ਦਿਮਾਗ ਵਿੱਚ ਫਸੀ ਹੋਈ ਹੈ ਅਤੇ ਸੀਟੀ ਸਕੈਨ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅੱਗੇ ਦੇ ਇਲਾਜ ਬਾਰੇ ਕੋਈ ਫੈਸਲਾ ਲਿਆ ਜਾ ਸਕੇਗਾ।
ਮੈਡੀਕਲ ਸੁਪਰਿੰਟੈਂਡੈਂਟ ਨੇ ਇਹ ਵੀ ਦੱਸਿਆ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਬਚਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ। ਉਨ੍ਹਾਂ ਆਈਸੀਯੂ ਵਿੱਚ ਤੈਨਾਤ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਮਰੀਜ਼ ਦੀ ਹਾਲਤ ਨੂੰ ਬਹੁਤ ਗੰਭੀਰ ਦੱਸਿਆ ਹੈ।
- PTC NEWS