Jalandhar ’ਚ ਵੱਖ-ਵੱਖ ਜਥੇਬੰਦੀਆਂ ਦੀ ਹੋਈ ਵਿਸ਼ੇਸ਼ ਇਕੱਤਰਤਾ; ਸਤਿਕਾਰ ਐਕਟ ’ਤੇ ਕੀਤੀ ਗਈ ਵਿਚਾਰ-ਵਟਾਂਦਰਾ

ਇਸ ਇਕੱਤਰਤਾ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਪੰਥਕ ਸ਼ਖਸੀਅਤਾਂ ਨੇ ਸਤਿਕਾਰ ਐਕਟ ਦੇ ਖਰੜੇ ਵਿੱਚ ਸ਼ਾਮਲ ਕਈ ਇਤਰਾਜਯੋਗ ਮਦਾਂ (ਧਾਰਾਵਾਂ) ਬਾਰੇ ਵਿਸਤਾਰਪੂਰਨ ਚਰਚਾ ਕੀਤੀ। ਸੰਗਤਾਂ ਨੇ ਚਿੰਤਾ ਪ੍ਰਗਟਾਈ ਕਿ ਇਸ ਐਕਟ ਦੀਆਂ ਕੁਝ ਸ਼ਰਤਾਂ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਦੇ ਅਨੁਕੂਲ ਨਹੀਂ ਹਨ।

By  Aarti May 25th 2026 05:54 PM

ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਸੁਖਮਨੀ ਸੇਵਾ ਸੋਸਾਇਟੀਆਂ, ਪ੍ਰਮੁੱਖ ਧਾਰਮਿਕ ਜਥੇਬੰਦੀਆਂ ਅਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਸਥਾਵਾਂ ਵੱਲੋਂ ਇੱਕ ਬਹੁਤ ਹੀ ਅਹਿਮ ਅਤੇ ਵਿਸ਼ੇਸ਼ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਇਹ ਇਕੱਤਰਤਾ ਜਲੰਧਰ ਸ਼ਹਿਰ ਦੇ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਬੁਲਾਈ ਗਈ ਸੀ, ਜਿਸ ਦਾ ਮੁੱਖ ਮਨੋਰਥ ਪੰਜਾਬ ਸਰਕਾਰ ਦੁਆਰਾ ਹਾਲ ਹੀ ਵਿੱਚ ਪਾਸ ਕੀਤੇ ਗਏ 'ਸਤਿਕਾਰ ਐਕਟ' ਉੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕਰਨਾ ਸੀ।

ਇਸ ਇਕੱਤਰਤਾ ਦੌਰਾਨ ਵੱਖ-ਵੱਖ ਬੁਲਾਰਿਆਂ ਅਤੇ ਪੰਥਕ ਸ਼ਖਸੀਅਤਾਂ ਨੇ ਸਤਿਕਾਰ ਐਕਟ ਦੇ ਖਰੜੇ ਵਿੱਚ ਸ਼ਾਮਲ ਕਈ ਇਤਰਾਜਯੋਗ ਮਦਾਂ (ਧਾਰਾਵਾਂ) ਬਾਰੇ ਵਿਸਤਾਰਪੂਰਨ ਚਰਚਾ ਕੀਤੀ। ਸੰਗਤਾਂ ਨੇ ਚਿੰਤਾ ਪ੍ਰਗਟਾਈ ਕਿ ਇਸ ਐਕਟ ਦੀਆਂ ਕੁਝ ਸ਼ਰਤਾਂ ਸਿੱਖ ਮਰਯਾਦਾ ਅਤੇ ਪਰੰਪਰਾਵਾਂ ਦੇ ਅਨੁਕੂਲ ਨਹੀਂ ਹਨ। ਲੰਮੀ ਵੀਚਾਰ-ਚਰਚਾ ਤੋਂ ਬਾਅਦ, ਸਾਰੀਆਂ ਸਭਾਵਾਂ, ਸੁਸਾਇਟੀਆਂ ਅਤੇ ਸੰਸਥਾਵਾਂ ਨੇ ਇੱਕਮਤ ਹੋ ਕੇ ਇੱਕ ਵੱਡਾ ਐਲਾਨ ਕੀਤਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਸਮੁੱਚੀ ਸਿੱਖ ਕੌਮ ਹਮੇਸ਼ਾ ਦੀ ਤਰ੍ਹਾਂ ਸਰਵਉੱਚ ਅਕਾਲ ਤਖ਼ਤ ਸਾਹਿਬ ਦੇ ਝੰਡੇ ਥੱਲੇ ਅਤੇ ਅਗਵਾਈ ਵਿੱਚ ਇਕਜੁੱਟ ਹੈ।

ਹਾਜ਼ਰ ਨੁਮਾਇੰਦਿਆਂ ਨੇ ਮਤਾ ਪਾਸ ਕਰਦਿਆਂ ਕਿਹਾ ਕਿ ਸਤਿਕਾਰ ਐਕਟ ਦੇ ਸਬੰਧ ਵਿੱਚ ਸਿੱਖਾਂ ਦੀ ਸਿਰਮੌਰ ਸੰਸਥਾ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਵੀ ਅੰਤਿਮ ਫ਼ੈਸਲਾ ਜਾਂ ਆਦੇਸ਼ ਆਵੇਗਾ, ਉਹ ਸਮੁੱਚੀ ਸੰਗਤ ਨੂੰ ਤਹਿ ਦਿਲੋਂ ਪ੍ਰਵਾਨ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਐਕਟ ਦੀਆਂ ਜਿਹੜੀਆਂ ਵੀ ਮਦਾਂ ਪੰਥਕ ਹਿੱਤਾਂ ਦੇ ਵਿਰੁੱਧ ਜਾਂ ਇਤਰਾਜ਼ਯੋਗ ਹਨ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਪ੍ਰਵਾਨ ਨਹੀਂ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਜਲੰਧਰ ਉਹੀ ਸ਼ਹਿਰ ਹੈ, ਜਿੱਥੇ ਦੀਆਂ ਜਾਗਰੂਕ ਸਿੱਖ ਸੰਗਤਾਂ ਅਤੇ ਧਾਰਮਿਕ ਆਗੂਆਂ ਨੇ ਇਸ ਐਕਟ ਦੇ ਖਾਮੀਆਂ ਭਰੇ ਰੂਪ ਦਾ ਸਭ ਤੋਂ ਪਹਿਲਾਂ ਡਟ ਕੇ ਵਿਰੋਧ ਕਰਕੇ ਪੂਰੇ ਪੰਜਾਬ ਵਿੱਚ ਇੱਕ ਲਹਿਰ ਸ਼ੁਰੂ ਕੀਤੀ ਸੀ। ਇਸ ਮੀਟਿੰਗ ਨੇ ਸਿੱਖ ਜਥੇਬੰਦੀਆਂ ਦੇ ਅਟੁੱਟ ਸੰਕਲਪ ਅਤੇ ਅਕਾਲ ਤਖ਼ਤ ਸਾਹਿਬ ਪ੍ਰਤੀ ਅਥਾਹ ਸ਼ਰਧਾ ਨੂੰ ਇੱਕ ਵਾਰ ਫਿਰ ਦ੍ਰਿੜ੍ਹ ਕਰ ਦਿੱਤਾ ਹੈ।

ਇਹ ਵੀ ਪੜ੍ਹੋ  : Bathinda News : ਹਲਕਾ ਜੋਗਾ ਦੇ 53 ਪਿੰਡਾਂ ਦੇ 96 ਗੁਰੂਘਰਾਂ ਵਿੱਚ ਗੁਰਮਤਿ ਸਿਖਲਾਈ ਕੈਂਪਾਂ ਦੀਆਂ ਤਿਆਰੀਆਂ ਆਰੰਭ

Related Post