Stubble Burning In Punjab: ਪੰਜਾਬ 'ਚ 740 ਥਾਵਾਂ 'ਤੇ ਸਾੜੀ ਗਈ ਪਰਾਲੀ, ਦੋ ਸਾਲਾਂ ਦਾ ਟੁੱਟਿਆ ਰਿਕਾਰਡ

By  Amritpal Singh November 20th 2023 08:50 AM -- Updated: November 20th 2023 09:03 AM

Stubble Burning: ਐਤਵਾਰ ਨੂੰ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਨਾਲੋਂ ਵੱਧ ਪਰਾਲੀ ਸਾੜੀ ਗਈ ਅਤੇ 740 ਨਵੇਂ ਮਾਮਲੇ ਸਾਹਮਣੇ ਆਏ। ਸਾਲ 2021 ਵਿੱਚ 19 ਨਵੰਬਰ ਨੂੰ ਪਰਾਲੀ ਸਾੜਨ ਦੇ 448 ਮਾਮਲੇ ਸਾਹਮਣੇ ਆਏ ਸਨ ਅਤੇ 2022 ਵਿੱਚ 426 ਮਾਮਲੇ ਸਾਹਮਣੇ ਆਏ ਸਨ। ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 34459 ਹੋ ਗਈ ਹੈ। ਦੂਜੇ ਪਾਸੇ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ। ਐਤਵਾਰ ਨੂੰ ਵੀ ਹਵਾ ਖਰਾਬ ਸ਼੍ਰੇਣੀ 'ਚ ਰਹੀ।

ਪੰਜਾਬ ਵਿੱਚ ਐਤਵਾਰ ਨੂੰ ਮੋਗਾ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 127 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 151 ਮਾਮਲੇ ਫਾਜ਼ਿਲਕਾ, 100 ਫ਼ਿਰੋਜ਼ਪੁਰ, 68 ਫ਼ਰੀਦਕੋਟ, 55 ਬਠਿੰਡਾ, 46 ਬਰਨਾਲਾ, 57 ਮੁਕਤਸਰ, 28 ਸੰਗਰੂਰ, 12 ਪਟਿਆਲਾ ਅਤੇ 15 ਜਲੰਧਰ ਤੋਂ ਸਾਹਮਣੇ ਆਏ ਹਨ। ਸਾਲ 2021 ਵਿੱਚ ਇਸ ਸਮੇਂ ਤੱਕ ਪਰਾਲੀ ਸਾੜਨ ਦੇ ਕੁੱਲ 70428 ਮਾਮਲੇ ਸਾਹਮਣੇ ਆਏ ਸਨ ਅਤੇ ਸਾਲ 2022 ਵਿੱਚ 48915 ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਬਠਿੰਡਾ ਦਾ ਸਭ ਤੋਂ ਉੱਚਾ AQI 296 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, AQI ਲੁਧਿਆਣਾ ਵਿੱਚ 237, ਮੰਡੀ ਗੋਬਿੰਦਗੜ੍ਹ ਵਿੱਚ 247, ਪਟਿਆਲਾ ਵਿੱਚ 229, ਅੰਮ੍ਰਿਤਸਰ ਵਿੱਚ 212, ਜਲੰਧਰ ਵਿੱਚ 200 ਅਤੇ ਖੰਨਾ ਵਿੱਚ 174 ਦਰਜ ਕੀਤਾ ਗਿਆ।

ਸ਼ਨਿੱਚਰਵਾਰ ਤੱਕ ਸਰਕਾਰ ਨੇ ਪਰਾਲੀ ਸਾੜਨ ਦੇ ਦੋਸ਼ ਵਿੱਚ 559 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਐਤਵਾਰ ਨੂੰ ਇਹ ਗਿਣਤੀ ਵੱਧ ਕੇ 640 ਹੋ ਗਈ ਹੈ। ਇੱਕ ਦਿਨ ਵਿੱਚ 81 ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ। ਇਸ ਤੋਂ ਇਲਾਵਾ 591 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਕੀਤੀਆਂ ਗਈਆਂ। ਸ਼ਨੀਵਾਰ ਤੱਕ ਇਹ ਗਿਣਤੀ 531 ਸੀ।

Related Post