ਸੁਖਬੀਰ ਸਿੰਘ ਬਾਦਲ ਵੱਲੋਂ ਹੜ੍ਹ ਪੀੜਤਾਂ ਲਈ ਕੀਤੀ ਜਾ ਰਹੀ ਸੇਵਾ ਲਾ-ਮਿਸਾਲ : ਭਾਈ ਅਮਰਜੀਤ ਸਿੰਘ ਚਾਵਲਾ

Bhai Amarjit Singh Chawla : ਭਾਈ ਚਾਵਲਾ ਨੇ ਕਿਹਾ ਕਿ ਹੜ੍ਹ ਕਾਰਨ ਬੇਘਰ ਹੋਏ ਲੋਕਾਂ, ਖੇਤਾਂ ਵਿੱਚ ਤਬਾਹ ਹੋਈ ਫ਼ਸਲਾਂ ਤੇ ਢਹਿ ਗਏ ਘਰਾਂ ਨੂੰ ਦੁਬਾਰਾ ਵਸਾਉਣ ਲਈ ਜਿੰਨੀ ਜ਼ਿੰਮੇਵਾਰੀ ਸਰਕਾਰਾਂ ਦੀ ਸੀ, ਉਹ ਪੂਰੀ ਤਰ੍ਹਾਂ ਨਿਭਾਈ ਨਹੀਂ ਗਈ। ਉਨ੍ਹਾਂ ਨੇ ਪੰਜਾਬ ਤੇ ਕੇਂਦਰ ਦੋਵਾਂ ਸਰਕਾਰਾਂ ਨੂੰ ਹੜਾਂ ਲਈ ਜ਼ਿੰਮੇਵਾਰ ਦੱਸਿਆ।

By  KRISHAN KUMAR SHARMA September 6th 2025 01:29 PM -- Updated: September 6th 2025 02:55 PM

SGPC News : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਪੰਜਾਬ ਵਿੱਚ ਹੜ੍ਹ (Punjab Floods) ਪੀੜਤ ਲੋਕਾਂ ਦੀ ਮਦਦ ਲਈ ਕੀਤੀ ਜਾ ਰਹੀ ਸੇਵਾ ਨੂੰ ਲਾ-ਮਿਸਾਲ ਤੇ ਇਤਿਹਾਸਕ ਕਰਾਰ ਦਿੰਦਿਆਂ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ (Amarjit Singh Chawla) ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਅਕਾਲੀ ਦਲ ਪੂਰੇ ਸਮਰਪਣ ਨਾਲ ਲੋਕਾਂ ਦੇ ਨਾਲ ਖੜ੍ਹਾ ਹੈ। ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਰੋੜਾਂ ਰੁਪਏ ਆਪਣੀ ਜੇਬ ਵਿੱਚੋਂ ਖਰਚ ਕੇ ਪੰਜਾਬ ਦੇ ਲੋਕਾਂ ਦੇ ਲਈ ਮਦਦ ਦਾ ਹੱਥ ਵਧਾਇਆ ਗਿਆ ਹੈ। ਲੋੜਵੰਦ ਲੋਕਾਂ ਨੂੰ ਡੀਜ਼ਲ, ਪਸ਼ੂਆਂ ਲਈ ਚਾਰਾ, ਤਰਪਾਲਾਂ ਤੇ ਰਾਸ਼ਨ ਦਾ ਪ੍ਰਬੰਧ ਕਰਨ ਵਿੱਚ ਜੁਟੇ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਪੰਜਾਬ ਦੇ ਲੋਕਾਂ ਨਾਲ ਮੁੰਡੇ ਨਾਲ ਮੋਢਾ ਜੋੜ ਕੇ ਖੜੀ ਹੋਈ ਹੈ।

ਭਾਈ ਚਾਵਲਾ ਨੇ ਕਿਹਾ ਕਿ ਹੜ੍ਹ ਕਾਰਨ ਬੇਘਰ ਹੋਏ ਲੋਕਾਂ, ਖੇਤਾਂ ਵਿੱਚ ਤਬਾਹ ਹੋਈ ਫ਼ਸਲਾਂ ਤੇ ਢਹਿ ਗਏ ਘਰਾਂ ਨੂੰ ਦੁਬਾਰਾ ਵਸਾਉਣ ਲਈ ਜਿੰਨੀ ਜ਼ਿੰਮੇਵਾਰੀ ਸਰਕਾਰਾਂ ਦੀ ਸੀ, ਉਹ ਪੂਰੀ ਤਰ੍ਹਾਂ ਨਿਭਾਈ ਨਹੀਂ ਗਈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਪੰਜਾਬ ਅੰਦਰ ਆਏ ਹੜਾਂ ਲਈ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਨਾਕਾਫੀ ਅਗਾਉਂ ਪ੍ਰਬੰਧ ਅਤੇ ਕਮਜ਼ੋਰ ਵਿਉਂਤਬੰਦੀ ਸੂਬੇ ਲਈ ਘਾਤਕ ਸਿੱਧ ਹੋਈ।

ਉਨ੍ਹਾਂ ਨੇ ਖ਼ਾਸ ਤੌਰ ‘ਤੇ ਸਰਕਾਰ ਦੀ ਅਣਗਹਿਲੀ ਦੀ ਗੱਲ ਕਰਦਿਆਂ ਕਿਹਾ ਕਿ ਜੇ ਸਮੇਂ ‘ਤੇ ਖੱਡਾਂ ਦੀ ਸਫਾਈ ਕਰਵਾਈ ਜਾਂਦੀ, ਦਰਿਆਈ ਡੰਗਿਆਂ ਨੂੰ ਪੱਕਾ ਕੀਤਾ ਜਾਂਦਾ ਅਤੇ ਨੀਵੀਂ ਥਾਵਾਂ ‘ਤੇ ਪਾਣੀ ਨਿਕਾਸ ਲਈ ਮਜ਼ਬੂਤ ਪ੍ਰਬੰਧ ਕੀਤੇ ਜਾਂਦੇ ਤਾਂ ਸੂਬੇ ਨੂੰ ਇੰਨੀ ਵੱਡੀ ਤਬਾਹੀ ਦਾ ਸਾਹਮਣਾ ਨਾ ਕਰਨਾ ਪੈਂਦਾ। ਸਰਕਾਰ ਦੀ ਇਹ ਲਾਪਰਵਾਹੀ ਹੀ ਵੱਡੇ ਪੱਧਰ ‘ਤੇ ਹੜ੍ਹ ਦਾ ਮੁੱਖ ਕਾਰਨ ਬਣੀ ਹੈ।

ਇਸੇ ਨਾਲ, ਭਾਈ ਚਾਵਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਲੰਗਰ, ਰਿਹਾਇਸ਼ ਤੇ ਸਿਹਤ ਸੇਵਾਵਾਂ ਪਹੁੰਚਾ ਕੇ ਮਨੁੱਖਤਾ ਦੀ ਸੱਚੀ ਸੇਵਾ ਕੀਤੀ ਹੈ।

ਭਾਈ ਚਾਵਲਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੰਗਰਾਂ, ਰਹਿਣ ਲਈ ਸਰਾਵਾਂ ਦਾ ਪ੍ਰਬੰਧ ਕੀਤਾ ਗਿਆ ਤੇ ਇਸਦੇ ਨਾਲ ਹੀ ਡਾਕਟਰੀ ਟੀਮਾਂ ਅਤੇ ਸੇਵਾਦਾਰਾਂ ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦੀ ਸਿਹਤ ਸੰਭਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਜਦ ਤੱਕ ਹੜ੍ਹ ਪੀੜਤ ਮੁੜ ਆਪਣੇ ਪੈਰਾਂ ‘ਤੇ ਖੜ੍ਹੇ ਨਹੀਂ ਹੋ ਜਾਂਦੇ, ਤਦ ਤੱਕ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਲੋਕਾਂ ਦੇ ਨਾਲ ਖੜ੍ਹੀ ਰਹੇਗੀ।

Related Post