ਸੋਹਾਣਾ 'ਚ ਟੋਬੇ ਨੇੜਿਓਂ ਸ਼ੱਕੀ ਹਾਲਾਤ 'ਚ ਨਰਸ ਦੀ ਲਾਸ਼ ਬਰਾਮਦ

By  Ravinder Singh November 14th 2022 02:27 PM

ਮੁਹਾਲੀ : ਸੋਹਾਣਾ ਵਿੱਚ ਆਪਣੀ ਸਹੇਲੀ ਨਾਲ ਪੀਜੀ ਵਿੱਚ ਰਹਿੰਦੀ ਸਟਾਫ਼ ਨਰਸ ਦੀ ਭੇਤਭਰੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਸੀਬ ਕੌਰ (23) ਵਾਸੀ ਅਬੋਹਰ ਵਜੋਂ ਹੋਈ ਹੈ। ਉਹ ਪੰਚਕੂਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਤਾਇਨਾਤ ਸੀ। ਇਕ ਰਾਹਗੀਰ ਨੇ ਬੈਂਚ ਉਤੇ ਪਈ ਨਰਸ ਦੀ ਲਾਸ਼ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ। ਮੁੱਢਲੀ ਜਾਂਚ ਵਿੱਚ ਕਤਲ ਦੀ ਸ਼ੰਕਾ ਜਾਪਦੀ ਹੈ।


ਸੂਚਨਾ ਮਿਲਦੇ ਹੀ ਸੋਹਾਣਾ ਥਾਣੇ ਦੇ ਸਬ ਇੰਸਪੈਕਟਰ ਬਰਮਾ ਸਿੰਘ ਤੁਰੰਤ ਪੁਲਿਸ ਟੀਮ ਨਾਲ ਮੌਕੇ ਉਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਨਸੀਬ ਕੌਰ ਪਹਿਲਾਂ ਮੁਹਾਲੀ ਦੇ ਇਕ ਨਾਮੀ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦੀ ਸੀ ਅਤੇ ਫੇਜ਼-9 ਵਿੱਚ ਪੀਜੀ ਵਿੱਚ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਪਿਛਲੇ 15 ਕੁ ਦਿਨ ਪਹਿਲਾਂ ਸੋਹਾਣਾ ਵਿੱਚ ਸੈਣੀ ਪੀਜੀ ਵਿੱਚ ਆਪਣੀ ਸਹੇਲੀ ਨਾਲ ਰਹਿਣ ਲੱਗੀ ਸੀ। ਮ੍ਰਿਤਕ ਨਰਸ ਦੀ ਸਹੇਲੀ ਨੇ ਪੁਲਿਸ ਨੂੰ ਦੱਸਿਆ ਕਿ ਬੀਤੇ ਕੱਲ੍ਹ ਬਾਅਦ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਨਸੀਬ ਕੌਰ ਆਪਣੇ ਦੋਸਤ (ਬੁਆਏ ਫਰੈਂਡ) ਨੂੰ ਦਵਾਈ ਦੇਣ ਲਈ ਇਹ ਕਹਿ ਕੇ ਉਸ ਕੋਲੋਂ ਗਈ ਸੀ ਪਰ ਦੇਰ ਸ਼ਾਮ ਤੱਕ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਹ ਦੇਰ ਰਾਤ ਤੱਕ ਉਸ (ਨਰਸ) ਨੂੰ ਫੋਨ ਕਰਦੀ ਰਹੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਅੱਜ ਸਵੇਰੇ ਜਦੋਂ ਦੁਬਾਰਾ ਫੋਨ ਲਾਇਆ ਤਾਂ ਕਿਸੇ ਰਾਹਗੀਰ ਨੇ ਚੁੱਕਿਆ ਤੇ ਉਸ ਦੀ ਮੌਤ ਬਾਰੇ ਦੱਸਿਆ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਲੱਗੇ ਭੂਚਾਲ ਦੇ ਝਟਕੇ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

ਉਧਰ ਸੀਸੀਟੀਵੀ ਕੈਮਰੇ ਦੀ ਫੁਟੇਜ ਵਿੱਚ ਐਕਟਿਵਾ ਉਤੇ ਨੌਜਵਾਨ ਆਉਂਦਾ ਦਿਖਾਈ ਦੇ ਰਿਹਾ ਹੈ। ਜੋ ਨਰਸ ਦੀ ਲਾਸ਼ ਨੂੰ ਸੋਹਾਣਾ ਵਿੱਚ ਟੋਭੇ ਨੇੜੇ ਇੱਕ ਬੈਂਚ ਦੇ ਰੱਖ ਕੇ ਚਲਾ ਜਾਂਦਾ ਹੈ। ਇਸ ਬਾਰੇ ਤਫ਼ਤੀਸ਼ੀ ਅਫ਼ਸਰ ਬਰਮਾ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਉਤੇ ਜਾਂਚ ਕਰ ਰਹੀ ਹੈ। ਉਂਜ ਐਕਟਿਵਾ ਸਵਾਰ ਨੌਜਵਾਨ ਦੀ ਗੱਲ ਬਾਰੇ ਹਾਮੀ ਜ਼ਰੂਰੀ ਭਰੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਨਰਸ ਦੇ ਮੋਬਾਈਲ ਤੇ ਕਾਲ ਡਿਟੇਲ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਮ੍ਰਿਤਕਾ ਦੇ ਮਾਪਿਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੇ ਆਉਣ ਅਤੇ ਬਿਆਨਾਂ ਨੂੰ ਆਧਾਰ ਬਣਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਨਰਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

Related Post